ਚੰਡੀਗੜ੍ਹ: ਪੰਜਾਬ ਵਿੱਚ ਕਿਸਾਨਾਂ ਦੇ ਨਾਲ ਹੀ ਵਪਾਰੀ ਤੇ ਕਾਰੋਬਾਰੀ ਵੀ ਮੋਦੀ ਸਰਕਾਰ ਦੇ ਖਿਲਾਫ ਹੁੰਦੇ ਜਾ ਰਹੇ ਹਨ। ਕਿਸਾਨਾਂ ਵੱਲੋਂ ਲਾਂਘਾ ਦੇਣ ਦੇ ਬਾਵਜੂਦ ਮਾਲ ਗੱਡੀਆਂ ਸ਼ੁਰੂ ਨਾ ਕਰਨ ਕਰਕੇ ਕਾਰੋਬਾਰੀਆਂ ਨੂੰ ਰੋਜ਼ਾਨਾ ਕਰੋੜਾਂ ਰੁਪਏ ਦਾ ਨੁਕਾਸਨ ਹੋ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਜਦੋਂ ਕਿਸਾਨਾਂ ਨੇ ਮਾਲ ਗੱਡੀਆਂ ਚੱਲਣ ਲਈ ਪਟੜੀਆਂ ਖਾਲੀ ਕਰ ਦਿੱਤੀਆਂ ਹਨ ਤਾਂ ਕੇਂਦਰ ਸਰਕਾਰ ਰੇਲਾਂ ਕਿਉਂ ਨਹੀਂ ਚਲਾ ਰਹੀ।
ਇਸ ਦਾ ਵਿਰੋਧ ਕਰਦਿਆਂ ਲੁਧਿਆਣਾ ਵਪਾਰ ਮੰਡਲ ਨੇ ਕੇਂਦਰੀ ਰੇਲ ਮੰਤਰੀ ਨੂੰ ਘੁੰਗਰੂ ਭੇਜੇ ਹਨ। ਇਸ ਦੇ ਨਾਲ ਹੀ ਪੰਜਾਬ ਭਰ ਵਿੱਚ ਬੀਜੇਪੀ ਲੀਡਰਾਂ ਦੇ ਪੁਤਲੇ ਫੂਕਣ ਤੇ ਆਪਣੇ ਕਾਰੋਬਾਰੀ ਅਦਾਰਿਆਂ ਦੀਆਂ ਚਾਬੀਆਂ ਪ੍ਰਧਾਨ ਮੰਤਰੀ ਨੂੰ ਭੇਜਣ ਦਾ ਐਲਾਨ ਕੀਤਾ ਹੈ।ਜਥੇਬੰਦੀ ਦੇ ਪ੍ਰਧਾਨ ਮਨਿੰਦਰ ਪਾਲ ਸਿੰਘ ਗੁਲਿਆਨੀ ਨੇ ਆਨਲਾਈਨ ਸ਼ੌਪਿੰਗ ਸਾਈਟ ਐਮਾਜ਼ੋਨ ਤੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਲਈ ਆਨਲਾਈਨ ਘੁੰਗਰੂਆਂ ਦਾ ਆਰਡਰ ਦਿੱਤਾ ਹੈ ਜੋ ਐਮਾਜ਼ੋਨ ਵੱਲੋਂ ਮੁੰਬਈ ਸਥਿਤ ਰੇਲ ਮੰਤਰੀ ਪਿਊਸ਼ ਗੋਇਲ ਦੇ ਪਤੇ ’ਤੇ ਡਿਲੀਵਰ ਕੀਤੇ ਜਾਣਗੇ।
ਗੁਲਿਆਣੀ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਲਈ ਪਟੜੀਆਂ ਨੂੰ ਖਾਲੀ ਕੀਤੇ ਜਾਣ ਦੇ ਬਾਵਜੂਦ ਰੇਲ ਮੰਤਰੀ ਹਾਲੇ ਵੀ ਵੱਡੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਨੱਚ ਰਹੇ ਹਨ ਤੇ ਉਨ੍ਹਾਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਆਦੇਸ਼ਾਂ ਤੇ ਪੰਜਾਬ ਲਈ ਮਾਲ ਗੱਡੀਆਂ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
ਉਨ੍ਹਾਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ ਅਗਲੇ ਸੱਤ ਦਿਨਾਂ ਦੇ ਅੰਦਰ ਅੰਦਰ ਪੰਜਾਬ ਵਿੱਚ ਮਾਲ ਗੱਡੀਆਂ ਦੀ ਸੇਵਾ ਬਹਾਲ ਨਾ ਕੀਤੀ ਗਈ ਤਾਂ ਉਹ ਮੋਦੀ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰਕੇ ਪੰਜਾਬ ਭਰ ਚ ਭਾਜਪਾ ਆਗੂਆਂ ਦੇ ਪੁਤਲੇ ਫੂਕਣਗੇ ਤੇ ਆਪਣੀਆਂ ਦੁਕਾਨਾਂ ਤੇ ਫੈਕਟਰੀਆਂ ਨੂੰ ਤਾਲੇ ਲਗਾ ਕੇ ਚਾਬੀਆਂ ਪ੍ਰਧਾਨ ਮੰਤਰੀ ਨੂੰ ਭੇਜ ਕੇ ਆਪਣਾ ਰੋਸ ਪ੍ਰਗਟ ਕਰਨਗੇ।