ਹਾਂਗਕਾਂਗ ਵਿਧਾਨ ਸਭਾ ਦੀ ਚੋਣ 6 ਸਤੰਬਰ ਨੂੰ ਹੋਣ ਦੀ ਸੰਭਾਵਨਾ

0
480

ਹਾਂਗਕਾਂਗ (ਜੰਗ ਬਹਾਦਰ ਸਿੰਘ)-‘ਕੌਂਸਟੀਚਿਊਸ਼ਨਲ ਐਂਡ ਮੇਨ ਲੈਂਡ ਅਫ਼ੇਅਰਜ਼ ਬਿਊਰੋ’ ਵਲੋਂ ਵਿਧਾਨ ਸਭਾ ਦੀਆਂ ਚੋਣਾਂ 6 ਸਤੰਬਰ ਨੂੰ ਹੋਣ ਦੀ ਉਮੀਦ ਹੈ ਜਦਕਿ ਉਮੀਦਵਾਰਾਂ ਲਈ ਨਾਮਜ਼ਦਗੀ ਦੀ ਮਿਆਦ ਜੁਲਾਈ ਦੇ ਅੱਧ ਤੋਂ ਅਖ਼ੀਰ ਤੱਕ ਚੱਲੇਗੀ। ਹਾਂਗਕਾਂਗ ਵਿਚ ਵੋਟਰ ਰਜਿਸਟ੍ਰੇਸ਼ਨ 2 ਮਈ ਤੱਕ ਮੁਕੰਮਲ ਹੋ ਚੁੱਕਾ ਹੈ ਅਤੇ ਚੋਣ ਦਫ਼ਤਰ ਮੁਤਾਬਿਕ 25 ਜੁਲਾਈ ਨੂੰ ਅਧਿਕਾਰਤ ਵੋਟਰ ਰਜਿਸਟਰ ਘੋਸ਼ਿਤ ਕਰਨ ਦੀ ਯੋਜਨਾ ਹੈ। ਹਾਂਗਕਾਂਗ ਵਿਚ ਇਸ ਸਮੇਂ 4.2 ਮਿਲੀਅਨ ਲੋਕ ਵੋਟ ਪਾਉਣ ਦੇ ਯੋਗ ਹਨ। ਹਾਂਗਕਾਂਗ ਵਿਚ ਚੱਲ ਰਹੀ ਬੇਚੈਨੀ ਦੇ ਮੱਦੇਨਜ਼ਰ ਵੋਟ ਰਜਿਸਟਰ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਨਾਟਕੀ ਢੰਗ ਨਾਲ ਵਾਧਾ ਹੋਣ ਦੇ ਆਸਾਰ ਹਨ। ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਬੀਜਿੰਗ ਪੱਖੀ ਨੇਤਾ ਜੂਨੀਅਸ ਹੋ ਵਲੋਂ ਵਿਧਾਨ ਸਭਾ ਚੋਣਾਂ ਮੁਲਤਵੀ ਕਰਨ ਦੀ ਮੰਗ ਵੀ ਕੀਤੀ ਗਈ ਸੀ। ਕਰੀਬ 23 ਦਿਨਾਂ ਤੋਂ ਹਾਂਗਕਾਂਗ ਵਿਚ ਮਹਾਂਮਾਰੀ ਤੋਂ ਪੀੜਤ ਕੋਈ ਕੇਸ ਨਹੀਂ ਆਇਆ ਹੈ ਅਤੇ 1047 ਮਰੀਜ਼ਾਂ ਵਿਚੋਂ 970 ਦੇ ਕਰੀਬ ਠੀਕ ਹੋਣ ਤੋਂ ਬਾਅਦ ਹਾਂਗਕਾਂਗ ਵਿਚ ਸੁਧਰ ਰਹੇ ਹਾਲਾਤਾਂ ਨੂੰ ਵੇਖਦਿਆਂ ਵਿਧਾਨ ਸਭਾ ਚੋਣਾਂ ਸਮੇਂ ਸਿਰ ਹੋਣ ਦੀ ਉਮੀਦ ਬੱਝੀ ਹੈ।