ਜਨਵੇ (ਏਜੰਸੀ) : ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਕਿਹਾ ਹੈ ਕਿ ਚੀਨ ਦੇ ਸ਼ਹਿਰ ਵੁਹਾਨ ‘ਚ ਥੋਕ ਪਸ਼ੂ ਬਾਜ਼ਾਰ ਦੀ ਕੋਰੋਨਾ ਦੇ ਪਸਾਰ ‘ਚ ਭੂਮਿਕਾ ਰਹੀ ਹੈ। ਇਹ ਭੂਮਿਕਾ ਜਾਂ ਤਾਂ ਵਾਇਰਸ ਦੇ ਸਰੋਤ ਦੇ ਰੂਪ ‘ਚ ਰਹੀ ਹੈ ਜਾਂ ਫਿਰ ਇਸ ਨੇ ਵਾਇਰਸ ਦੇ ਪ੍ਰਸਾਰ ਨੂੰ ਵਧਾਉਣ ਦਾ ਕੰਮ ਕੀਤਾ।
ਡਬਲਯੂਐੱਚਓ ਨੇ ਹਾਲਾਂਕਿ ਇਸ ਬਾਰੇ ਵਧੇਰੇ ਅਧਿਐਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ। ਚੀਨ ਦੇ ਹੋਰ ਅਧਿਕਾਰੀਆਂ ਨੇ ਜਨਵਰੀ ‘ਚ ਇਸ ਬਾਜ਼ਾਰ ਨੂੰ ਬੰਦ ਕਰਵਾ ਦਿੱਤਾ ਸੀ, ਜਿਸ ਨਾਲ ਜੰਗਲੀ ਤੇ ਸਮੁੰਦਰੀ ਜੀਵਾਂ ਦੀ ਖਪਤ ਤੇ ਕਾਰੋਬਾਰ ‘ਤੇ ਆਰਜ਼ੀ ਰੋਕ ਲੱਗ ਗਈ ਸੀ। ਖ਼ੁਰਾਕ ਸੁਰੱਖਿਆ ਨਾਲ ਜੁੜੇ ਡਬਲਯੂਐੱਚਓ ਦੇ ਇਕ ਮਾਹਰ ਡਾ. ਪੀਟਰ ਬੇਨ ਐਮਬਾਰੇਕ ਨੇ ਕਿਹਾ ਕਿ ਇਹ ਸਾਫ਼ ਹੈ ਕਿ ਇਸ ਬਾਜ਼ਾਰ ਕਾਰਨ ਵਾਇਰਸ ਦਾ ਕਹਿਰ ਵਧਿਆ, ਪਰ ਇਹ ਭੂਮਿਕਾ ਕਿਸ ਤਰ੍ਹਾਂ ਦੀ ਸੀ, ਇਸ ‘ਤੇ ਵਧੇਰੇ ਰੋਸ਼ਨੀ ਪਾਉਣੀ ਚਾਹੀਦੀ ਹੈ।
ਕੋਰੋਨਾ ਵਾਇਰਸ ਕਿਵੇਂ ਆਇਆ ਤੇ ਏਨਾ ਗੰਭੀਰ ਹੋ ਗਿਆ ਇਸ ਬਾਰੇ ਚੀਨ ਤੇ ਅਮਰੀਕਾ ਵਿਚਕਾਰ ਤਲਵਾਰਾਂ ਖਿੱਚੀਆਂ ਹੋਈਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਸ ਲਈ ਸਾਫ਼ ਤੌਰ ‘ਤੇ ਚੀਨ ਨੂੰ ਜ਼ਿੰਮੇਵਾਰ ਦੱਸਿਆ ਹੈ। ਪੋਂਪੀਓ ਨੇ ਇੱਥੋਂ ਤਕ ਕਿਹਾ ਹੈ ਕਿ ਉਨ੍ਹਾਂ ਕੋਲ ਇਸ ਵਾਇਰਸ ਦੇ ਲੈਬ ‘ਚ ਬਣੇ ਹੋਣ ਦੇ ਸਬੂਤ ਹਨ। ਬੇਨ ਐੱਮਬਾਰੇਕ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ‘ਤੇ ਕੁਝ ਨਹੀਂ ਕਿਹਾ।
ਉਨ੍ਹਾਂ ਕਿਹਾ ਕਿ ਇਹ ਜਾਣਨ ‘ਚ ਇਕ ਸਾਲ ਦਾ ਸਮਾਂ ਲੱਗ ਗਿਆ ਸੀ ਕਿ ਐੱਮਈਆਰਐੱਸ (ਮਿਡਿਲ ਈਸਟਰ ਰੈਸਿਪਿਰੇਟਿਰੀ ਸਿੰਡਰੋਮ) ਦਾ ਸਰੋਤ ਊਂਟ ਹੈ। ਕੋਰੋਨਾ ਦੇ ਮਾਮਲੇ ‘ਚ ਅਜੇ ਦੇਰ ਨਹੀਂ ਹੋਈ। ਸਾਡੇ ਲਈ ਅਜੇ ਸਭ ਤੋਂ ਵੱਧ ਜ਼ਰੂਰੀ ਇਸ ਵਾਇਰਸ ਦਾ ਪਸਾਰ ਰੋਕਣਾ ਹੈ।
ਡਬਲਯੂਐੱਚਓ ਨੇ ਹਾਲਾਂਕਿ ਇਸ ਵਿਚਾਰ ਦਾ ਸਮਰਥਨ ਨਹੀਂ ਕੀਤਾ ਕਿ ਹੋਰ ਜੰਗਲੀ ਜੀਵਾਂ ਦੇ ਬਾਜ਼ਾਰ ਨੂੰ ਜਿਵੇਂ ਵਾਇਰਸ ਦਾ ਸਰੋਤ ਮੰਨਿਆ ਜਾ ਰਿਹਾ ਹੈ ਉਸ ਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ। ਬੇਨ ਐਮਬਾਰੇਕ ਮੁਤਾਬਕ ਐਨੀਮਲ ਮਾਰਕੀਟ ਪੂਰੀ ਦੂਨੀਆ ‘ਚ ਭੋਜਨ ਤੇ ਲੱਖਾਂ-ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਲਈ ਜ਼ਰੂਰੀ ਹੈ ਤੇ ਅਧਿਕਾਰੀਆਂ ਨੂੰ ਇਸ ਨੂੰ ਬੰਦ ਕਰਨ ਦੀ ਬਜਾਏ ਉਨ੍ਹਾਂ ਦਾ ਪੱਧਰ ਸੁਧਾਰਨ ‘ਤੇ ਆਪਣਾ ਧਿਆਨ ਕੇਂਦਤਰ ਕਰਨਾ ਚਾਹੀਦਾ ਹੈ।