ਚੀਨ ਤੋਂ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਦੀ ਲਪੇਟ ‘ਚ ਹੁਣ ਤੱਕ ਦੁਨੀਆਂ ਦੇ 31 ਦੇਸ਼ ਆ ਚੁੱਕੇ ਹਨ। ਇਸ ਸੂਚੀ ‘ਚ ਨਵੇਂ ਨਾਂਅ ਪੱਛਮੀ ਏਸ਼ੀਆ ਦੇ ਦੋ ਦੇਸ਼ ਬਹਿਰੀਨ ਅਤੇ ਕੁਵੈਤ ਹਨ। ਹੁਣ ਤੱਕ ਪੂਰੀ ਦੁਨੀਆਂ ਵਿੱਚ 77,658 ਲੋਕ ਇਸ ਵਾਇਰਸ ਕਾਰਨ ਪੀੜਤ ਹੋਏ ਹਨ ਅਤੇ ਇਸ 2663 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਉੱਧਰ ਜਾਪਾਨ ਦੇ ਸਮੁੰਦਰੀ ਕੰਢੇ ‘ਤੇ ਖੜੇ ਡਾਇਮੰਡ ਪ੍ਰਿੰਸੇਸ ਜਹਾਜ਼ ‘ਚ ਮੌਜੂਦ ਦੋ ਹੋਰ ਭਾਰਤੀਆਂ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਵਾਇਰਸ ਨਾਲ ਪੀੜਤ ਭਾਰਤੀਆਂ ਦੀ ਗਿਣਤੀ 14 ਤੱਕ ਪਹੁੰਚ ਗਈ ਹੈ। ਜਾਪਾਨ ਦੇ ਸਮੁੰਦਰੀ ਜਹਾਜ਼ ‘ਚ ਸਵਾਰ ਇੱਕ ਕੋਰੋਨਾ ਵਾਇਰਸ ਪੀੜਤ ਵਿਅਕਤੀ ਦੀ ਬੀਤੇ ਦਿਨੀਂ ਮੌਤ ਹੋ ਗਈ ਹੈ। ਹੁਣ ਤੱਕ ਸਮੁੰਦਰੀ ਜਹਾਜ਼ ‘ਚ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇੱਕ ਚੀਨੀ ਅਧਿਕਾਰੀ ਨੇ ਦੱਸਿਆ ਕਿ ਵਾਇਰਸ ਪ੍ਰਭਾਵਤ ਮਾਮਲਿਆਂ ਦੀ ਗਿਣਤੀ ਘੱਟ ਹੋ ਰਹੀ ਹੈ ਅਤੇ ਮੰਗਲਵਾਰ ਸਵੇਰ ਤਕ 508 ਨਵੇਂ ਮਾਮਲੇ ਸਾਹਮਣੇ ਆਏ ਹਨ। ਐਤਵਾਰ ਨੂੰ ਇੱਥੇ 150 ਲੋਕਾਂ ਦੀ ਮੌਤ ਹੋ ਗਈ ਸੀ। ਇਰਾਨ ‘ਚ ਕੁੱਲ 47 ਮਾਮਲੇ ਸਾਹਮਣੇ ਆਏ ਹਨ ਅਤੇ 12 ਲੋਕਾਂ ਦੀ ਮੌਤ ਹੋ ਗਈ ਹੈ। ਯੂਰਪੀਅਨ ਦੇਸ਼ ਇਟਲੀ ‘ਚ ਹੁਣ ਤਕ ਚਾਰ ਲੋਕਾਂ ਨੂੰ ਕੋਰੋਨਾ ਵਾਇਰਸ ਨਿਗਲ ਚੁੱਕਾ ਹੈ। ਸੋਮਵਾਰ ਨੂੰ ਚੀਨ ਦੇ ਮੇਨਲੈਂਡ ‘ਚ 71 ਅਤੇ ਵੁਹਾਨ ‘ਚ 68 ਲੋਕਾਂ ਦੀ ਮੌਤ ਹੋਈ ਹੈ।
ਕੋਰੀਆ ਨੇ ਸੋਮਵਾਰ ਦੁਪਹਿਰ ਨੂੰ ਕੋਰੋਨਾ ਵਾਇਰਸ ਦੇ 70 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿਸ ਤੋਂ ਬਾਅਦ ਦੇਸ਼ ਵਿੱਚ ਇਸ ਜਾਨਲੇਵਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 763 ਹੋ ਗਈ ਹੈ। ਇੱਥੇ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੀਆ ਸੈਂਟਰ ਫਾਰ ਪ੍ਰੀਵੈਂਸ਼ਨ ਐਂਡ ਕੰਟਰੋਲ (ਕੇਸੀਡੀਸੀ) ਵੱਲੋਂ ਵੈਬਸਾਈਟ ਉੱਤੇ ਜਾਰੀ ਕੀਤੇ ਨਵੇਂ ਅੰਕੜਿਆਂ ਦੇ ਅਨੁਸਾਰ ਦੇਸ਼ ਵਿੱਚ ਕੋਰੋਨਾ ਵਾਇਰਸ ਪੀੜਤ ਰੋਜ਼ਾਨਾ 200 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।
ਚੀਨ ਤੋਂ ਬਾਅਦ ਦੱਖਣੀ ਕੋਰੀਆ ਵਿੱਚ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇਸ਼ ‘ਚ ਹਾਲ ਹੀ ਦੇ ਦਿਨਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਅਚਾਨਕ ਤੇਜ਼ੀ ਨਾਲ ਵਾਧਾ ਹੋਇਆ ਹੈ। ਦੱਖਣੀ ਸ਼ਹਿਰ ਦਾਏਗੂ ਵਿੱਚ ਪਿਛਲੇ ਹਫ਼ਤੇ ਇੱਕ ਧਾਰਮਿਕ ਸਮਾਗਮ ‘ਚ ਕੋਰੋਨਾ ਵਾਇਰਸ ਦੇ ਕਈ ਮਾਮਲੇ ਸਾਹਮਣੇ ਆਏ ਸਨ। ਇੱਥੇ ਪ੍ਰਸਿੱਧ ਫੁਟਬਾਲ ਲੀਗਾਂ ਦੇ ਆਯੋਜਨਾਂ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਈਰਾਨ ਦੀ ਅਰਧ-ਸਰਕਾਰੀ ਨਿਊਜ਼ ਏਜੰਸੀ ਇਲਨਾ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੇ ਕਿਓਮ ਸ਼ਹਿਰ ਵਿੱਚ ਕੋਰੋਨਾ ਕਾਰਨ 50 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਈਰਾਨ ਦੇ ਸਰਕਾਰੀ ਟੀਵੀ ਦਾ ਕਹਿਣਾ ਹੈ ਕਿ 47 ਮਾਮਲੇ ਸਾਹਮਣੇ ਆਏ ਹਨ ਅਤੇ ਉਨ੍ਹਾਂ ਵਿੱਚੋਂ 12 ਦੀ ਮੌਤ ਹੋਈ ਹੈ।
ਹਾਂਗਕਾਂਗ ਇਸ ਬਿਮਾਰੀ ਦੇ ਪੀੜਤ ਲੋਕਾਂ ਦੀ ਗਿਣਤੀ 81 ਹੋ ਗਈ ਹੈ ਤੇ ਸਰਕਾਰ ਨੇ ਹਾਂਗਕਾਂਗ ਦੇ ਸਕੂਲ਼ 20 ਅਪ੍ਰੈਲ ਤੱਕ ਬੰਦ ਕਰ ਦਿੱਤੇ ਹਨ।