ਹਾਂਗਕਾਂਗ ਦੀ ਆਗੂ ਨਾਲ ਚਰਚਾ ਲਈ 20 ਹਜ਼ਾਰ ਨੇ ਕੀਤਾ ਬਿਨੈ

0
687

ਹਾਂਗਕਾਂਗ (ਏਐੱਫਪੀ) : ਹਾਂਗਕਾਂਗ ਦੀ ਮੁੱਖ ਕਾਰਜਕਾਰੀ ਕੈਰੀ ਲੈਮ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਹੇ ਲੋਕਤੰਤਰ ਹਮਾਇਤੀਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਸ਼ਾਂਤ ਕਰਨ ਦੇ ਯਤਨ ‘ਚ ਜੁਟ ਗਈ ਹੈ। ਇਸੇ ਤਹਿਤ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਲਈ ਇਕ ਸੈਸ਼ਨ ਬੁਲਾਇਆ ਹੈ। ਲੈਮ ਨੇ  ਦੱਸਿਆ ਕਿ ਇਸ ਸੈਸ਼ਨ ‘ਚ ਹਿੱਸਾ ਲੈਣ ਲਈ ਹੁਣ ਤਕ 20 ਹਜ਼ਾਰ ਤੋਂ ਵੱਧ ਲੋਕ ਬਿਨੈ ਕਰ ਚੁੱਕੇ ਹਨ।

ਸਾਲ 1997 ‘ਚ ਬਰਤਾਨੀਆ ਤੋਂ ਚੀਨ ਦੇ ਕੰਟਰੋਲ ‘ਚ ਆਏ ਹਾਂਗਕਾਂਗ ‘ਚ ਬੀਤੀ ਜੂਨ ਤੋਂ ਵਿਰੋਧ ਮੁਜ਼ਾਹਰੇ ਚੱਲ ਰਹੇ ਹਨ। ਇਸ ‘ਚ ਲੱਖਾਂ ਲੋਕ ਹਿੱਸਾ ਲੈ ਚੁੱਕੇ ਹਨ। ਵਿਰੋਧ ਪ੍ਰਦਰਸ਼ਨ ਭੜਕਨ ਤੋਂ ਬਾਅਦ ਹਾਂਗਕਾਂਗ ਦੀ ਸਰਕਾਰ ਨੇ ਪਹਿਲੀ ਵਾਰ ਮੁਜ਼ਾਹਰਾਕਾਰੀਆਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਹੈ। ਲੈਮ ਨੇ ਕਿਹਾ, ‘ਇਹ ਬੈਠਕ ਉਨ੍ਹਾਂ ਦੀਆਂ ਗੱਲਾਂ ਸੁਣਨ ਦਾ ਮੌਕਾ ਹੈ। ਅਸੀਂ ਹਿੱਸਾ ਲੈਣ ਵਾਲਿਆਂ ਨਾਲ ਇਹ ਵਾਅਦਾ ਕੀਤਾ ਹੈ ਕਿ ਇਸ ਸੈਸ਼ਨ ‘ਚ ਸਿਆਸੀ ਭਿੰਨਤਾ ਦੇ ਨਾਲ ਹੀ ਵੱਖ-ਵੱਖ ਪਿੱਠ ਭੂਮੀ ਵਾਲੇ ਲੋਕ ਵੀ ਆਪਣੀ ਰਾਇ ਤੇ ਗੁੱਸੇ ਨੂੰ ਖੁੱਲ੍ਹ ਕੇ ਰੱਖ ਸਕਦੇ ਹਨ। ਮੈਨੂੰ ਉਮੀਦ ਹੈ ਕਿ ਇਹ ਗੱਲਬਾਤ ਸ਼ਾਂਤਮਈ ਮਾਹੌਲ ‘ਚ ਹੋਵੇਗੀ।’ ਲੈਮ ਨਾਲ ਦੋ ਘੰਟਿਆਂ ਦੇ ਗੱਲਬਾਤ ਸੈਸ਼ਨ ਲਈ ਬੇਸ਼ੱਕ ਹੀ ਹਜ਼ਾਰਾਂ ਬਿਨੈ ਆ ਰਹੇ ਹਨ। ਪਰ ਇਨ੍ਹਾਂ ‘ਚੋਂ ਸਿਰਫ਼ 150 ਨੂੰ ਹੀ ਚੁਣਿਆ ਜਾਵੇਗਾ। ਹਾਂਗਕਾਂਗ ‘ਚ ਜਾਰੀ ਵਿਰੋਧ ਮੁਜ਼ਾਹਰਿਆਂ ਕਾਰਨ ਹੁਣ ਤਕ 1500 ਤੋਂ ਵੱਧ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ। ਹਾਂਗਕਾਂਗ ਮੁੱਖੀ ਦੀ ਇਕ ਮਿਲਣੀ ਵੀਰਵਾਰ ਸ਼ਾਮ ਨੂੰ ਵਾਨਚਾਈ ਸਥਿਤ ਕੁਈਨ ਐਲਜਾਬਿਥ ਸਟੇਡੀਅਮ ਵਿਚ ਹੋਣ ਹੈ।