ਹਾਂਗਕਾਂਗ(ਪਚਬ): ਹਾਂਗਕਾਂਗ ‘ਚ ਸੋਮਵਾਰ ਨੂੰ ਹਜ਼ਾਰਾਂ ਯੂਨੀਵਰਸਿਟੀ ਤੇ ਸਕੂਲੀ ਵਿਦਿਆਰਥੀਆਂ ਨੇ ਜਮਾਤਾਂ ਦਾ ਬਾਈਕਾਟ ਕਰ ਕੇ ਲੋਕਤੰਤਰ ਦੀ ਮੰਗ ਨੂੰ ਲੈ ਕੇ ਜਨ ਸਭਾ ਕੀਤੀ। ਨੌਜਵਾਨਾਂ ਦਾ ਅੰਦੋਲਨ ਸ਼ਾਂਤਮਈ ਰਿਹਾ ਪਰ ਇਸ ਨਾਲ ਹਾਂਗਕਾਂਗ ਦੀਆਂ ਸਰਗਰਮੀਆਂ ਰੁਕ ਗਈਆਂ। ਵਿਆਪਕ ਪੁਲਿਸ ਬੰਦੋਬਸਤ ਵਿਚਕਾਰ ਹੋਈ ਜਨ ਸਭਾ ‘ਚ ਨੌਵਜਾਨਾਂ ਨੇ ਸਾਫ਼ ਕਰ ਦਿੱਤਾ ਕਿ ਉਹ ਚੀਨ ਦੀ ਸਥਾਪਤ ਵਿਵਸਥਾ ਦਾ ਵਿਰੋਧ ਜਾਰੀ ਰੱਖਣਗੇ। ਉਨ੍ਹਾਂ ਨੂੰ ਚੁੱਪ ਕਰਵਾਉਣ ਦੀ ਕੋਈ ਵੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ।
ਚੀਨੀ ਸ਼ਾਸਨ ਵਾਲੇ ਹਾਂਗਕਾਂਗ ‘ਚ ਤਿੰਨ ਮਹੀਨਿਆਂ ਤੋਂ ਸਰਕਾਰ ਵਿਰੋਧੀ ਪ੍ਰਦਰਸ਼ਨ ਜਾਰੀ ਹਨ। ਰੋਜ਼ਾਨਾ ਪ੍ਰਦਰਸ਼ਨਾਂ ਤੇ ਹਿੰਸਾ ਨਾਲ ਇਸ ਪ੍ਰਮੁੱਖ ਕਾਰੋਬਾਰੀ ਸ਼ਹਿਰ ਦੀ ਰੌਣਕ ਚਲੀ ਗਈ ਹੈ। ਕਾਰੋਬਾਰ ਮੱਠਾ ਪੈ ਰਿਹਾ ਹੈ ਤੇ ਬਾਹਰੀ ਲੋਕ ਇੱਥੋ ਆਉਣ ਤੋਂ ਬਚ ਰਹੇ ਹਨ। ਸੋਮਵਾਰ ਨੂੰ ਹਜ਼ਾਰਾਂ ਵਿਦਿਆਰਥੀ ਚੀਨੀ ਯੂਨੀਵਰਸਿਟੀ ਦੇ ਪਹਾੜੀ ‘ਤੇ ਬਣੇ ਕੰਪਲੈਕਸ ‘ਚ ਇਕੱਤਰ ਹੋਏ। ਇਨ੍ਹਾਂ ਵਿਦਿਆਰਥੀਆਂ ਨੇ ਵਨ ਕੰਟਰੀ ਟੂ ਫਾਰਮੂਲਾ ਸਿਸਟਮ ਦੇ ਅੰਤਰਗਤ ਹਾਂਗਕਾਂਗ ਨੂੰ ਜ਼ਿਆਦਾ ਖ਼ੁਦਮੁਖ਼ਤਾਰੀ ਤੇ ਉੱਥੇ ਲੋਕਤੰਤਰ ਦੀ ਮੰਗ ਕੀਤੀ। ਵਿਦਿਆਰਥੀਆਂ ਦੀਆਂ ਮੰਗਾਂ ‘ਚ ਵਿਰੋਧ ਦਾ ਅਧਿਕਾਰ ਤੇ ਸੁਤੰਤਰ ਤੇ ਨਿਰਪੱਖ ਨਿਆਂਪਾਲਿਕਾ ਵੀ ਸ਼ਾਮਲ ਹੈ। ਅੰਦੋਲਨਕਾਰੀਆਂ ਦਾ ਦੋਸ਼ ਹੈ ਕਿ ਚੀਨ ਦੀ ਕਮਿਊਨਿਸਟ ਸੱਤਾ ਹਾਂਗਕਾਂਗ ਦੀ ਖ਼ੁਦਮੁਖ਼ਤਾਰੀ ਹੌਲੀ ਹੌਲੀ ਖ਼ਤਮ ਕਰਦੀ ਜਾ ਰਹੀ ਹੈ ਤੇ ਜੇਕਰ ਜਨਤਾ ਜਾਗਰੂਕ ਨਾ ਹੋਈ ਤਾਂ ਇਕ ਦਿਨ ਉਹ ਚੀਨ ਦੀਆਂ ਪਾਬੰਦੀਆਂ ਦੇ ਸ਼ਿਕੰਜੇ ‘ਚ ਕੱਸਿਆ ਜਾਵੇਗਾ। ਜਨ ਸਭਾ ‘ਚ ਆਏ 19 ਸਾਲ ਦੇ ਵਿਦਿਆਰਥੀ ਚਾਨ ਨੇ ਕਿਹਾ, ਅਸੀਂ ਆਰਾਮ ਨਾਲ ਨਹੀਂ ਬੈਠਾਂਗੇ, ਅਸੀਂ ਬਿਹਤਰ ਹਾਂਗਕਾਂਗ ਲਈ ਲੜਾਈ ਜਾਰੀ ਰੱਖਾਂਗੇ। ਮੀਡੀਆਂ ਰਿਪੋਰਟਾਂ ਅਨੁਸਾਰ ਇਸ ਇਕੱਤਰਤਾ ਵਿਚ 30 ਹਜਾਰ ਦਿਵਿਆਰਥੀ ਸ਼ਾਮਲ ਹੋਏ।
ਜਨ ਸਭਾ ‘ਚ ਆਏ ਵਿਦਿਆਰਥੀਆਂ ਨੇ ਬਦਲਾਅ ਦੇ ਗੀਤ ਗਾਏ, ਨਾਅਰੇਬਾਜ਼ੀ ਕੀਤੀ ਤੇ ਮਨੁੱਖੀ ਲੜੀ ਵੀ ਬਣਾਈ। ਕੁਝ ਵਿਦਿਆਰਥੀ ਹੈਟ ਪਾ ਕੇ ਆਏ ਸਨ ਤੇ ਕੁਝ ਨੇ ਮਾਸਕ ਪਾਏ ਹੋਏ ਸਨ। ਪ੍ਰਸ਼ਾਸਨ ਨੇ ਤੂਫ਼ਾਨ ਆਉਣ ਦੀ ਚਿਤਾਵਨੀ ਤੋਂ ਬਾਅਦ ਬੱਚਿਆਂ ਦੇ ਸਕੂਲ ਬੰਦ ਕਰਵਾ ਦਿੱਤੇ ਸਨ, ਬਾਵਜੂਦ ਇਸਦੇ ਵੱਡੀ ਗਿਣਤੀ ‘ਚ ਘੱਟ ਉਮਰ ਦੇ ਵਿਦਿਆਰਥੀ ਜਨ ਸਭਾ ‘ਚ ਸ਼ਾਮਲ ਹੋਣ ਆਏ ਸਨ। ਚੀਨ ਨੇ ਕਿਹਾ ਹੈ ਕਿ ਅਮਰੀਕਾ ਸਮੇਤ ਕਈ ਪੱਛਮੀ ਦੇਸ਼ ਹਾਂਗਕਾਂਗ ਦੇ ਹਾਲਾਤ ਖ਼ਰਾਬ ਕਰਨ ‘ਚ ਲੱਗੇ ਹਨ ਜਦਕਿ ਇਹ ਉਸ ਦਾ ਅੰਦਰੂਨੀ ਮਾਮਲਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਜੇਂਗ ਸ਼ੁਆਂਗ ਨੇ ਕਿਹਾ ਹੈ ਕਿ ਬੀਜਿੰਗ ਪੂਰੀ ਤਰ੍ਹਾਂ ਨਾਲ ਹਾਂਗਕਾਂਗ ਦੀ ਨੇਤਾ ਕੈਰੀ ਲੈਮ ਦੇ ਨਾਲ ਹੈ। ਉਨ੍ਹਾਂ ਨੂੰ ਲੋੜ ਪੈਣ ‘ਤੇ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਵੇਗੀ।