ਵਾਸ਼ਿੰਗਟਨ (ਏਐੱਨਆਈ) : ਹਾਂਗਕਾਂਗ ‘ਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਚੀਨ ਤੇ ਅਮਰੀਕਾ ਦਰਮਿਆਨ ਤਣਾਅ ਵਧ ਗਿਆ ਹੈ। ਅਮਰੀਕੀ ਡਿਪਲੋਮੈਟਾਂ ਨੂੰ ਹਾਂਗਕਾਂਗ ਦੇ ਅੰਦਰੂਨੀ ਮਾਮਲੇ ‘ਚ ਦਖ਼ਲ ਨਾ ਦੇਣ ਦੀ ਚੀਨ ਦੀ ਚਿਤਾਵਨੀ ਮਗਰੋਂ ਅਮਰੀਕਾ ਨੇ ਚੀਨ ਨੂੰ ਠੱਗ ਸ਼ਾਸਨ ਕਰਾਰ ਦਿੱਤਾ ਹੈ।
ਅਮਰੀਕਾ ਦੀ ਇਹ ਤਿੱਖੀ ਪ੍ਰਤੀਕਿਰਿਆ ਹਾਂਗਕਾਂਗ ਦੇ ਸਥਾਨਕ ਮੀਡੀਆ ‘ਚ ਪ੍ਰਕਾਸ਼ਤ ਉਨ੍ਹਾਂ ਖ਼ਬਰਾਂ ਮਗਰੋਂ ਆਈ ਹੈ ਜਿਨ੍ਹਾਂ ‘ਚ ਦੱਸਿਆ ਗਿਆ ਸੀ ਕਿ ਹਾਂਗਕਾਂਗ ‘ਚ ਅਮਰੀਕੀ ਵਣਜ ਦੂਤਘਰ ਦੇ ਇਕ ਅਧਿਕਾਰੀ ਨੇ ਹਾਲੀਆ ਹੀ ‘ਚ ਲੋਕਤੰਤਰ ਹਮਾਇਤੀ ਸਮੂਹ ਨਾਲ ਮੁਲਾਕਾਤ ਕੀਤੀ ਸੀ। ਹਾਂਗਕਾਂਗ ਦੇ ਇਕ ਅਖ਼ਬਾਰ ‘ਚ ਅਮਰੀਕੀ ਡਿਪਲੋਮੈਟ ਦੀ ਲੋਕਤੰਤਰ ਹਮਾਇਤੀ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਦੀ ਇਕ ਤਸਵੀਰ ਵੀ ਪ੍ਰਕਾਸ਼ਤ ਹੋਈ ਹੈ। ਇਸ ਖ਼ਬਰ ‘ਤੇ ਚੀਨੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਸਖ਼ਤ ਵਿਰੋਧ ਪ੍ਰਗਟਾਉਂਦੇ ਹੋਏ ਅਮਰੀਕਾ ਨੂੰ ਕਿਹਾ ਸੀ ਕਿ ਉਹ ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਨੂੰ ਗ਼ਲਤ ਸੰਦੇਸ਼ ਦੇਣਾ ਬੰਦ ਕਰ ਦੇਵੇ। ਇਸਦੇ ਨਾਲ ਹੀ ਉਨ੍ਹਾਂ ਖ਼ਬਰਾਂ ‘ਤੇ ਸਪਸ਼ਟੀਕਰਨ ਵੀ ਮੰਗਿਆ ਗਿਆ ਸੀ, ਜਿਨ੍ਹਾਂ ‘ਚ ਦੱਸਿਆ ਗਿਆ ਸੀ ਕਿ ਅਮਰੀਕੀ ਅਧਿਕਾਰੀ ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਦੇ ਸੰਪਰਕ ‘ਚ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮੋਰਗਨ ਆਰਟਾਗਸ ਨੇ ਸ਼ੁੱਕਰਵਾਰ ਨੂੰ ਕਿਹਾ, ‘ਮੈਨੂੰ ਨਹੀਂ ਲਗਦਾ ਕਿ ਅਮਰੀਕੀ ਡਿਪਲੋਮੈਟ ਦੀ ਨਿੱਜੀ ਸੂਚਨਾ, ਤਸਵੀਰਾਂ ਤੇ ਉਨ੍ਹਾਂ ਦੇ ਬੱਚਿਆਂ ਦੇ ਨਾਂ ਲੀਕ ਕਰਨਾ ਰਸਮੀ ਵਿਰੋਧ ਹੈ। ਅਜਿਹਾ ਕੋਈ ਠੱਗ ਸ਼ਾਸਨ ਹੀ ਕਰੇਗਾ। ਕੋਈ ਜ਼ਿੰਮੇਵਾਰ ਦੇਸ਼ ਇਸ ਤਰ੍ਹਾਂ ਦਾ ਵਰਤਾਅ ਨਹੀਂ ਕਰੇਗਾ। ਇਹ ਨਾਮਨਜ਼ੂਰ ਹੈ।’ ਉਨ੍ਹਾਂ ਕਿਹਾ ਕਿ ਅਮਰੀਕੀ ਡਿਪਲੋਮੈਟ ਸਿਰਫ਼ ਹਾਂਗਕਾਂਗ ਜਾਂ ਚੀਨ ‘ਚ ਹੀ ਨਹੀਂ ਬਲਕਿ ਹਰ ਦੇਸ਼ ‘ਚ ਉੱਥੋਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਹਨ। ਇਸ ਲਈ ਸਾਡੇ ਡਿਪਲੋਮੈਟ ਸਿਰਫ਼ ਆਪਣਾ ਕੰਮ ਕਰ ਰਹੇ ਹਨ।