ਚੰਡੀਗੜ੍ਹ : ਮਹਾਰਾਸ਼ਟਰ ਤੋਂ ਬਾਅਦ ਪੰਜਾਬ ਦੂਜਾ ਸੂਬਾ ਹੋਵੇਗਾ ਜਿਥੇ ਹਾਈਪਰਲੂਪ ਚੱਲੇਗਾ। ਮੀਡੀਆ ਰਿਪੋਰਟ ਮੁਤਾਬਿਕ ਪੰਜਾਬ ਸਰਕਾਰ ਦੇ ਇਸ ਪ੍ਰੋਜੈਕਟ ਨੂੰ ਲੈ ਕੇ ਵਰਜਿਨ ਹਾਈਪਰਲੂਪ ਵਨ ਕੰਪਨੀ ਨਾਲ ਗੱਲ ਹੋ ਚੁੱਕੀ ਹੈ। ਇਸ ‘ਤੇ ਕਰੀਬ 56 ਹਜ਼ਾਰ ਕਰੋੜ ਰੁਪਏ ਖਰਚ ਆਵੇਗਾ। ਇਨਵੈਸਟ ਪੰਜਾਬ ਦੇ ਸਲਾਹਕਾਰ ਮੇਜਰ ਬੀਐਸ ਕੋਹਲੀ ਨੇ ਦੱਸਿਆ ਕਿ ਅਗਲੇ ਹਫ਼ਤੇ ਸਰਕਾਰ ਅਤੇ ਕੰਪਨੀ ਵਿੱਚ ਸਮਝੌਤਾ ਸਹੀਬੰਦ ਹੋਵੇਗਾ। ਇਸ ਪ੍ਰਾਜੈਕਟ ‘ਤੇ ਕੰਮ 2021 ਦੇ ਅਖੀਰ ਵਿਚ ਸ਼ੁਰੂ ਹੋਵੇਗਾ। ਇਸ ਨੂੰ 2029 ਤੱਕ ਪੂਰਾ ਕਰਨ ਦਾ ਟੀਚਾ ਹੈ।
ਇਹ ਹਾਈਪਰਲੂਪ ਅੰਮ੍ਰਿਤਸਰ ਤੋਂ ਜਲੰਧਰ ਅਤੇ ਲੁਧਿਆਣਾ ਹੁੰਦੇ ਹੋਏ ਚੰਡੀਗੜ੍ਹ ਪਹੁੰਚੇਗਾ। ਇਸਦੀ ਗਤੀ 1100-1300 ਕਿਮੀ ਪ੍ਰਤੀ ਘੰਟਾ ਦੀ ਹੋਵੇਗੀ। 250 ਕਿਲੋਮੀਟਰ ਦਾ ਅੰਮ੍ਰਿਤਸਰ ਤੋਂ ਚੰਡੀਗੜ੍ਹ ਦੀ ਯਾਤਰਾ 35 ਤੋਂ 40 ਮਿੰਟ ਵਿੱਚ ਪੂਰੀ ਹੋਵੇਗੀ ਜਦਕਿ ਹੁਣ ਲਗਭਗ 5 ਘੰਟੇ ਲੱਗਦੇ ਹਨ। ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਪੰਜਾਬ ਵਿਚ ਰੁਜ਼ਗਾਰ ਦੇ ਮੌਕੇ ਵਧਣਗੇ। ਤਕਰੀਬਨ 10 ਹਜ਼ਾਰ ਨੌਕਰੀਆਂ ਪੈਦਾ ਹੋਣਗੀਆਂ।































