ਚੀਨ ਦੇ ਪੀਐੱਮ ਰਹੇ ਲੀ ਪੇਂਗ ਦਾ ਦੇਹਾਂਤ

0
349

ਬੀਜਿੰਗ (ਏਐੱਫਪੀ) : ਰਾਜਧਾਨੀ ਬੀਜਿੰਗ ਸਥਿਤ ਤਿਆਨਮਿਨ ਚੌਕ ‘ਤੇ ਹੋਏ ਕਤਲੇਆਮ ਦੌਰਾਨ ਚੀਨ ਦੇ ਪ੍ਰਧਾਨ ਮੰਤਰੀ ਰਹੇ ਲੀ ਪੇਂਗ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। 90 ਸਾਲ ਦੇ ਪੇਂਗ ਲੰਬੇ ਸਮੇਂ ਤੋਂ ਬਿਮਾਰ ਸਨ। ਚੀਨ ਦੇ ਚੌਥੇ ਪ੍ਰਧਾਨ ਮੰਤਰੀ ਦੇ ਰੂਪ ‘ਚ ਉਨ੍ਹਾਂ ਦਾ ਕਾਰਜਕਾਲ 1987 ਤੋਂ 1998 ਤਕ ਰਿਹਾ। 1989 ‘ਚ ਹੋਏ ਤਿਆਨਮਿਨ ਕਾਂਡ ‘ਚ ਪੇਂਗ ਦੀ ਭੂਮਿਕਾ ਨੂੰ ਅਹਿਮ ਕਿਹਾ ਜਾਂਦਾ ਹੈ।
ਪੇਂਗ ਨੇ ਉਸ ਸਾਲ ਮਈ ‘ਚ ਦੇਸ਼ ‘ਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਸੀ। ਇਸਦੇ ਵਿਰੋਧ ‘ਚ ਹਜ਼ਾਰਾਂ ਦੀ ਗਿਣਤੀ ‘ਚ ਵਿਦਿਆਰਥੀ ਤਿਆਨਮਿਨ ਚੌਕ ‘ਤੇ ਇਕੱਠੇ ਹੋ ਗਏ ਸਨ। ਲੋਕਤੰਤਰ ਦੀ ਹਮਾਇਤ ‘ਚ ਚੱਲ ਰਹੇ ਉਸ ਅੰਦੋਲਨ ਨੂੰ ਖ਼ਤਮ ਕਰਨ ਲਈ ਫ਼ੌਜ ਦਾ ਸਹਾਰਾ ਲਿਆ ਗਿਆ। ਤਿੰਨ ਤੇ ਚਾਰ ਜੂਨ ਨੂੰ ਫ਼ੌਜ ਨੇ ਪ੍ਰਦਰਸ਼ਨਕਾਰੀਆਂ ‘ਤੇ ਟੈਂਕ ਚੜ੍ਹਾ ਦਿੱਤੇ ਸਨ। ਇਸ ਘਟਨਾ ‘ਚ ਇਕ ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਪੇਂਗ ਨੇ ਹਾਲਾਂਕਿ ਆਪਣੇ ਇਸ ਫ਼ੈਸਲੇ ਦਾ ਕਈ ਵਾਰ ਬਚਾਅ ਕੀਤਾ। 1994 ‘ਚ ਆਸਟ੍ਰੀਆ ਦੇ ਦੌਰੇ ‘ਤੇ ਗਏ ਪੇਂਗ ਨੇ ਕਤਲੇਆਮ ‘ਤੇ ਸਫ਼ਾਈ ਦਿੰਦਿਆਂ ਕਿਹਾ ਸੀ, ‘ਜੇਕਰ ਚੀਨ ਦੀ ਕਮਿਊਨਿਸਟ ਸਰਕਾਰ ਇਹ ਕਦਮ ਨਾ ਚੁੱਕਦੀ ਤਾਂ ਉਸ ਨੂੰ ਸੋਵੀਅਤ ਸੰਘ ਤੇ ਪੂਰਬੀ ਯੂਰਪ ਤੋਂ ਵੀ ਬੁਰੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ।’