ਟੇਪ ਬਨਾਮ ਮੋਬਾਇਲ ਫੂਨ

0
479

ਦਸਵੀਂ ਕਲਾਸ ਨਕਲ ਨੁਕਲ ਤੇ ਦੰਦੀ ਘਾਹ ਲੈਕੇ ਮਸਾਂ ਪਾਸ ਕੀਤੀ। ਅੱਗੇ ਪੜ੍ਹਨ ਨੂੰ ਦਿਲ ਨਾ ਕੀਤਾ ਕਿਤਾਬਾਂ ਵੀ ਭੋਲੇ ਕਬਾੜੀ ਨੂੰ ਵੇਚ ਕੇ ਪਕੌੜੇ ਖਾ ਲਏ! ਮੇਰੇ ਦੋਸਤ ਨੇ ਪੁਲੀਸ ਵਿੱਚ ਭਰਤੀ ਕਰਵਾ ਦਿੱਤਾ। ਠਾਣੇ ਵਿੱਚ ਮੁੰਡਿਆਂ ਤੇ ਪੈਂਦੀ ਕੁੱਟ ਦੇਖਕੇ ਮਨ ਨੇ ਲੱਗਾ ਕਿਉਂਕਿ ਮੈਂ ਤਾਂ ਕਦੇ ਕੁੱਤੇ ਦੇ ਸੋਟੀ ਨਹੀਂ ਮਾਰੀ ਮੁੰਡੇ ਕੁੱਟਣੇ ਤਾਂ ਦੂਰ ਦੀ ਗੱਲ। ਸਫਾਰਸ਼ ਪਾਕੇ ਘਰ ਆ ਗਿਆ। ਰੇਲਵੇ ਸਟੇਸ਼ਨ ਤੇ ਫੌਜੀ ਦੇਖਕੇ ਮਨ ਦੇਸ਼ ਦੀ ਭਗਤੀ ਜਾਗ ਪਈ ਕਿਉਂਕਿ ਟਰਾਲੀਆਂ ਦੇ ਪਿੱਛੇ ਲਿਖਿਆ ਸੀ “ਜੈ ਜਵਾਨ ਜੈ ਕਿਸਾਨ” ਕਿਸਾਨ ਤਾਂ ਮੈਂ ਸੀ ਫੌਜ ਵਿੱਚ ਭਰਤੀ ਹੋ ਕੇ ਜਵਾਨ ਵੀ ਬਣ ਗਿਆ।ਫੌਜੀ ਹੋਣ ਕਰਕੇ ਸਾਰਾ ਭਾਰਤ ਘੁੰਮਿਆਂ। ਜਿੱਥੇ ਜਾਣਾ ਉਥੋਂ ਦੀ ਮਸਹੂਰ ਚੀਜ਼ ਲੈ ਆਉਣੀ। ਫੌਜ ਦੀ ਨੌਕਰੀ ਵੀ ਬਹੁਤ ਔਖੀ ਸੀ, ਕਦੇ ਦਿਲ ਭੱਜ ਜਾਣ ਨੂੰ ਕਰਦਾ ਪਰ ਡਰ ਪੁਲੀਸ ਦਾ ਕਿ ਦੂਜੇ ਦਿਨ ਫੜਕੇ ਲੈ ਜੂ। ਮਸਾਂ ਪੰਦਰਾਂ ਸਾਲ ਪੂਰੇ ਕੀਤੇ ਕਿਉਕਿ ਫੌਜ ਦੀ ਤਨਖਾਹ ਨਾਲ ਖੋਲਾ ਵੀ ਪੱਕਾ ਕਰ ਸਕਿਆ ਜਦੋਂ ਕਿ ਤਕਰੀਬਨ ਪੱਕੇ ਘਰ ਸੀ। ਟਰੈਕਟਰ ਤੇ ਲੱਗੀ ਟੇਪ ਮੈਨੂੰ ਬਹੁਤ ਚੰਗੀ ਲੱਗਦੀ ਸੀ ਤੇ ਮੈਂ ਵੀ ਤੁੱਥ ਮੁੱਥ ਕਰਕੇ ਕਿਸ਼ਤਾਂ ਤੇ ਟਰੈਕਟਰ ਲੈਕੇ ਟੇਪ ਲਾ ਲਈ। ਪਰ ਜਮੀਨ ਥੋਹੜੀ ਸੀ ਪਰ ਟਰੈਕਟਰ ਤੇ ਟੇਪ ਲਾਉਣ ਦਾ ਤੇ ਵਾਹੀ ਕਰਨ ਦਾ ਭੂਤ ਜਿਓਂ ਮੇਰੇ ਸਿਰ ਤੇ ਸਵਾਰ ਸੀ! ਦੋ ਤਿੰਨ ਸਾਲ ਘਾਟਾ ਖਾਧਾ ਫਿਰ ਆਲੂ ਬੀਜ ਦਿੱਤੇ। ਆਲੂ ਬਹੁਤ ਚੰਗੇ ਹੋਏ। ਪਰ ਮੋਗੇ ਤਾਂ ਆਲੂਆਂ ਨੂੰ ਕੋਈ ਪੁੱਛਦਾ ਨਹੀਂ ਸੀ। ਕਿਸੇ ਨੇ ਕਿਹਾ ਬਠਿੰਡੇ ਚੰਗਾ ਭਾਅ ਹੈ। ਦੋ ਟਰਾਲੀਆਂ ਲੈਕੇ ਬਠਿੰਡੇ ਪਹੁੰਚ ਗਏ। ਮੇਰੇ ਜਾਣ ਤੋਂ ਪਹਿਲਾਂ ਉਥੇ ਸੌ ਟਰਾਲੀਆਂ ਖੜੀਆਂ! ਅੱਕ ਕੇ ਲੋਕਾਂ ਨੇ ਆਲੂ ਸੜਕਾਂ ਤੇ ਸਿੱਟੇ। ਮੋਗੇ ਤੇ ਬਾਘੇਵਾਲੇ ਤਾਂ ਹਾਲਤ ਇਹੋ ਜਿਹੇ ਹੋ ਗਏ ਕਿ ਲੋਕ ਆਲੂਆਂ ਵਾਲੀ ਟਰਾਲੀ ਦੇਖ ਕੇ ਬਾਰ ਬੰਦ ਕਰ ਦਿੰਦੇ ਕਿ ਕਿਤੇ ਸਾਡੇ ਘਰ ਆਲੂ ਨਾ ਲਾਹ ਜਾਣ, ਆਲੂਆਂ ਨੇ ਮੈਨੂੰ ਉੱਲੂ ਬਣਾ ਦਿੱਤਾ! ਲੋਕਾਂ ਨੂੰ ਸੰਦ ਵਲੇਵਾ ਵੇਚ ਕੇ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਦੇਖ ਕੇ ਮੈਂ ਵੀ ਮੈਂ ਜਹਾਜ਼ ਚੜ੍ਹਨ ਦਾ ਮਨ ਬਣਾਕੇ ਲੱਗਾ ਮੋਗੇ, ਲੁਧਿਆਣਾ, ਚੰਡੀਗੜ੍ਹ, ਦਿੱਲੀ ਤੇ ਜਿੱਥੇ ਦੱਸ ਪੈਂਦੀ ਏਜੰਟਾਂ ਦੇ ਗੇੜੇ ਲਾਉਣ, ਸੋ ਇੱਕ ਦਿਨ ਰਾਜੇ ਦੀ ਘੋੜੀ ਸੂ ਪਈ ਤੇ ਮੈਂ ਬਾਹਰ ਆ ਕੇ ਪਰਦੇਸੀ ਬਣ ਗਿਆ! ਪਰਦੇਸੀ ਬਾਰੇ ਕਿਸੇ ਸ਼ਾਇਰ ਨੇ ਕਿਹਾ ਸੀ “ਗਲੀਆਂ ਦੇ ਵਿੱਚ ਫਿਰਨ ਵਿਚਾਰੇ ਲਾਲਾਂ ਦੇ ਵਣਜਾਰੇ ਹੂ। ਸ਼ਾਲਾ ਪਰਦੇਸੀ ਕੋਈ ਨਾ ਥੀਵੇ, ਕੱਖ ਜਿਹਨਾਂ ਥੀ ਭਾਰੇ ਹੂ’ ਪਰ ਕੀ ਕਰੀਏ ਹਾਲਾਤਾਂ ਨੇ ਪਰਦੇਸੀ ਬਣਾ ਦਿੱਤਾ! ਪਰ ਆਪਣੇ ਦੇਸ਼ ਵਰਗੀ ਰੀਸ ਨਹੀਂ। ਸਿਆਣੇ ਕਹਿੰਦੇ ਹਨ ਕਿ ” ਕੋਈ ਵੀ ਆਦਮੀ ਕਮਾਈ ਕਰਨ ਵਾਸਤੇ ਬਾਹਰਲੇ ਦੇਸ਼ ਗਿਆ, ਉਸਨੂੰ ਸਥਾਨਕ ਲੋਕਾਂ ਨਾਲੋਂ ਦੁੱਗਣਾ ਕੰਮ ਕਰਨਾਂ ਪਿਆ! ਇਸ ਅਮੀਦ ਵਿੱਚ ਕਿ ਸ਼ਾਇਦ ਹਾਲਾਤ ਠੀਕ ਹੋ ਜਾਣ, ਆਪਣੇ ਵਾਸਤੇ ਨਾ ਸਹੀ ਆਪਣੇ ਟੱਬਰ ਵਾਸਤੇ ਹੀ ਸਹੀ! ਅੱਜ ਪੰਦਰਾਂ ਸਾਲ ਹੋ ਗਏ ਹਨ ਬਾਹਰ ਆਏ ਨੂੰ ਪਰ ਸਾਲਾ ਕੰਮ ਲੋਟ ਜਿਆ ਨੀ ਆਇਆ! ਜਦੋਂ ਮੈਂ ਬਾਹਰ ਆਇਆ ਤਾਂ ਖੁਸ਼ੀ ਨਾਲ ਪੈਰ ਜਮੀਨ ਤੇ ਨਹੀਂ ਸੀ ਲੱਗਦਾ। ਪਰ ਜਦੋਂ ਬਿਗਾਨੇ ਪੁੱਤਾਂ ਦੇ ਵੱਸ ਪੈ ਗਿਆ ਤਾਂ ਉਹਨਾਂ ਨੇ ਪੈਰ ਜਮੀਨ ਤੇ ਨਹੀਂ ਲੱਗਣ ਦਿੱਤਾ! ਬਾਹਰ ਆਕੇ ਨੌਕਰੀ ਭਾਲਣ ਵਾਸਤੇ ਬਹੁਤ ਭੱਜ ਦੌੜ ਕਰਨੀ ਪਈ ਕਿਤੇ ਫੈਕਟਰੀਆਂ ਵਿੱਚ, ਕਿਤੇ ਹੋਟਲਾਂ ਵਿੱਚ ਆਖਰ ਡਰਾਈਵਰ ਦੀ ਨੌਕਰੀ ਧੱਕੇ ਖਾ ਕੇ ਮਿਲ ਹੀ ਗਈ, ਪਰ ਸੌਖੀ ਨਹੀਂ ਸੀ ਇਸ ਨੌਕਰੀ ਨਾਲ ਲੋਡ ਅਨਲੋਡ ਦਾ ਕੰਮ ਵੀ ਕਰਨਾ ਪੈਂਦਾ ਸੀ। ਭਾਰਤ ਬਾਹਰਲੇ ਦੇਸ਼ਾਂ ਨਾਲੋਂ ਤੀਹ ਤੀਹ ਸਾਲ ਪਿੱਛੇ ਹੈ! ਇਸ ਵਾਸਤੇ ਮੈਂ ਇਹੋ ਜਿਹੀਆਂ ਚੀਜ਼ਾਂ ਘਰ ਭੇਜੀਆਂ ਜੋ ਇੰਡੀਆ ਵਿੱਚ ਨਹੀਂ ਸਨ! ਫੌਜੀ ਹੋਣ ਕਰਕੇ ਮੈਂ ਸਾਰਾ ਭਾਰਤ ਦੇਖਿਆ ਹੈ ਅਤੇ ਜਿੱਥੇ ਵੀ ਜਾਂਦਾ ਸੀ ਉਥੋਂ ਦੀ ਚੀਜ਼ ਨਿਸ਼ਾਨੀ ਵਜੋਂ ਘਰ ਲੈ ਆਉਂਦਾ ਹੁੰਦਾ ਸੀ। ਇਸ ਕਰਕੇ ਬਾਹਰਲੇ ਦੇਸ਼ਾਂ ਤੋਂ ਵੀ ਨਵੀਆਂ ਨਵੀਆਂ ਚੀਜ਼ਾਂ ਜਿਵੇਂ ਘੜੀਆਂ,ਕਲਾਕ, ਟੀਵੀ ਤੇ ਪ੍ਰੋਜੈਕਟਰ ਵਗੈਰਾ।
‘ਗਿੱਲਾ ਹੁਣ ਤੂੰ ਹੋਟਲ ‘ਚ’ ਕੰਮ ਕਰਨ ਲੱਗ ਪਿਆ ਕੀ ਗੱਲ ਡਰੈਵਰੀ ਰਾਸ ਨੀ ਆਈ? ਕਿਤੇ ਟਿਕ ਕੇ ਕੰਮ ਕਰ ਲਿਆ ਕਰ’ ਹੋਟਲ ਵਿੱਚ ਰੋਟੀ ਖਾਣ ਆਏ ਢਿੱਲੋਂ ਨੇ ਮੈਨੂੰ ਕਿਹਾ।
‘ ਪਹਿਲਾਂ ਮੈਂ ਟਰਾਂਸਪੋਰਟ ਕੰਪਨੀ ਖੋਲ੍ਹੀ ਓਹ ਨੀ ਚੱਲੀ, ਫਿਰ ਟੈਕਸੀ ਚਲਾਈ ਓਹ ਵੀ ਫੇਲ੍ਹ, ਫੇਰ ਟਰੱਕ ਲਿਆ ਐਕਸੀਡੈਂਟ ਕਾਰਨ ਓਹ ਵੀ ਵਿਕ ਗਿਆ ਹੁਣ ਕੰਮ ਸਿੱਖ ਕੇ ਰੈਸਟੋਰੈਂਟ ਖੋਹਲਣ ਦਾ ਰਾਦਾ’ ਮੈਂ ਟੇਬਲ ਸਾਫ ਕਰਦੇ ਹੋਏ ਨੇ ਕਿਹਾ।
‘ਕੋਈ ਇਕ ਕੰਮ ਕਰ ਲੈਂਦਾ
ਤਾਂ ਕਾਮਯਾਬ ਸੀ, ਤੂੰ ਵੀ ਬਾਹਰੀਂ ਨੱਕੀਂ ਪਾਣੀ ਛੱਡਦਾਂ’ ਢਿੱਲੋਂ ਨੇ ਰੋਟੀ ਖਾਂਦੇ ਹੋਏ ਕਿਹਾ।
‘ ਮੈਨੂੰ ਕੋਈ ਚੱਜ ਦੀ ਲੈਣ ਮਿਲੀ ਨੀ ਬਾਈ, ਚਲੋ ਹੁਣ ਤਾਂ ਬੌਤੀ ਨੰਘ ਗੀ ਥੋੜ੍ਹੀ ਰੈਹਗੀ
” ਕੁਛ ਸੋਤੇ ਹੂਏ ਕੱਟਗੀ, ਕੁਛ ਰੋਤੇ ਹੂਏ ਕੱਟਗੀ। ਕੁਛ ਆਂਹੋਂ ਮੇਂ ਕੱਟਗੀ, ਕੁਛ ਗੁਨਾਂਹੋਂ ਮੇਂ ਕੱਟਗੀ। ਰਾਸਤਾ ਪਕੜਨੇ ਵਾਲੇ ਮੰਜਲ ਪੇ ਪਹੁੰਚ ਗਏ। ਅਪਨੀ ਬਦਲਤੇ ਰਾਂਹੋਂ ਮੇਂ ਕੱਟਗੀ”? ਮੈਂ ਜਦੋਂ ਦਿਲ ਦੀ ਦੱਸੀ ਤਾਂ ਸਾਰਿਆਂ ਦਾ ਧਿਆਨ ਮੇਰੇ ਵੱਲ ਹੋ ਗਿਆ। ਫਿਰ ਅਲੱਗ ਟੇਬਲ ਤੇ ਬੈਠਾ ਬੋਲਿਆ ‘ਮੰਜਲ ਮਿਲ ਹੀ ਜਾਏਗੀ ਭਟਕਤੇ ਸਹੀ, ਗੁੰਮਰਾਹ ਵੋਹ ਹੋਤੇ ਹੈਂ ਜੋ ਘਰ ਸੇ ਨਿਕਲੇ ਹੀ ਨਹੀਂ’ ਵਾਹ ਵਾਹ ਇਕ ਨੇ ਤਾੜੀਆਂ ਮਾਰ ਕੇ ਕਿਹਾ।
‘ਗਿੱਲਾ ਤੇਰਾ ਦਿਲ ਇੰਡੀਆ ਜਾਣ ਨੂੰ ਨੀ ਕਰਦਾ?’ ਢਿੱਲੋਂ ਕਿਹਾ।
“ਕੀ ਕਰੀਏ ਢਿੱਲੋਂ ਸਾਬ ਜੀ ਗਰਜਾਂ ਪੂਰੀਆਂ ਨੀ ਹੁੰਦੀਆਂ” ਮੈਂ ਕਿਹਾ।
“ਚੱਲ ਛੱਡ ਗਰਜਾਂ ਪੂਰੀਆਂ ਕਰਨ ਨੂੰ, ਏਹ ਨੀ ਪੂਰੀਆਂ ਹੋਣੀਆਂ” ਢਿੱਲੋਂ ਨੇ ਕਿਹਾ। ਢਿੱਲੋਂ ਦੀ ਗੱਲ ਸੁਣਕੇ ਮੈਂ ਸੋਚਿਆ ਕਿ ਗੱਲ ਤਾਂ ਠੀਕ ਹੈ। ਮੈਂ ਸੋਚਿਆ ਜਿੰਦਗੀ ਚਾਰ ਦਿਨਾਂ ਦਾ ਮੇਲਾ, ਉੱਠ ਤਾਂ ਅੜਾਂਦੇ ਲੱਦੀ ਦੇ ਆ ਪੰਦਰਾਂ ਸਾਲਾਂ ਬਾਅਦ ਪਿੰਡ ਗੇੜਾ ਮਾਰ ਆਈਏ। ਕਿਉਕਿ ਬਾਰਾਂ ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਆ ਚਲੋ ਬੁੱਢੇ ਮਾਂ ਬਾਪ ਨੂੰ ਮਿਲ ਆਈਏ! ਨਾਲੇ ਭੇਜਿਆ ਸਮਾਨ ਦੇਖ ਆਈਏ। ਜੱਕਾਂ ਤੱਕਾਂ ਕਰਕੇ ਪਿੰਡ ਚਲਾ ਗਿਆ! ਘਰਦਿਆਂ ਨੂੰ ਚਾਅ ਚੜ੍ਹ ਗਿਆ। ਮੇਰੀਆਂ ਬਾਹਰੋਂ ਭੇਜੀਆਂ ਚੀਜ਼ਾਂ ਸਜਾਈਆਂ ਹੋਈਆਂ ਸਨ। ਮੈਂ ਕਮਰੇ ਵਿੱਚ ਚਾਰ ਚੁਫੇਰੇ ਦੇਖਿਆ ਤਾਂ ਮੇਰਾ ਆਸਾਮ ਤੋਂ ਲਿਆਂਦਾ ਲੱਕੜ ਦਾ ਟਰੰਕ ਇਕ ਖੂੰਜੇ ਰੱਖਿਆ ਪਿਆ ਸੀ। ਮੈਂ ਛੇਤੀ ਛੇਤੀ ਟਰੰਕ ਖੋਹਲਿਆ ਉਸ ਵਿੱਚ ਤਵਿਆਂ ਵਾਲੀ ਮਸ਼ੀਨ ਬਗੈਰ ਨੰਬਰਾਂ ਤੋਂ ਟੈਲੀਫੋਨ ਤੇ ਇਕ ਟੇਪ ਪਈ ਸੀ। ਇਹ ਟੇਪ ਮੈਂ ਗੁਜਰਾਤ ਦੇ ਮਸਹੂਰ ਸ਼ਹਿਰ ‘ਸੂਰਤ’ ਤੋਂ ਲੈਕੇ ਆਇਆ ਸੀ।ਯਾਦ ਰਹੇ ਕਿ ਗੋਰੇ ਇਸ ਸ਼ਹਿਰ ਦੀ ਬੰਦਰਗਾਹ ਵਿੱਚੋਂ ਦੀ ਭਾਰਤ ਵਿੱਚ ਵੜੇ ਸਨ ਸੋ ਮੈਂ ਯਾਦਗਾਰ ਵਜੋਂ ਜਪਾਨ ਦੀ ਬਣੀ ਟੇਪ ਲੈ ਆਇਆ। ਇਸ ਟੇਪ ਨਾਲ ਇਕ ਕਹਾਣੀ ਹੋਰ ਵੀ ਜੁੜੀ ਹੈ ਸੂਰਤ ਸ਼ਹਿਰ ਦੀ ਬੰਦਰਗਾਹ 1972 ਵਿੱਚ ਤੋੜ ਦਿੱਤੀ ਸੀ ਕਿਉਂਕਿ ਇਥੋਂ ਬਹੁਤ ਜਿਆਦਾ ਸਮਗਲਿੰਗ ਹੁੰਦੀ ਸੀ। ਪਰ ਸਮਗਲਰ ਫਿਰ ਵੀ ਨਾ ਹਟੇ
। ਇਕ ਰਾਤ ਜਵਾਰਭਾਟਾ ਆਇਆ ਹੋਇਆ ਸੀ ਸਮਗਲਰ ਜਹਾਜ਼ ਨੂੰ ਕੰਢੇ ਤੱਕ ਲੈ ਆਏ ਸਮਾਨ ਉਤਾਰਨ ਤੇ ਚਿਰ ਲੱਗ ਗਿਆ ਪਾਣੀ ਵਾਪਸ ਚਲਾ ਗਿਆ, ਸੋ ਉਹ ਜਹਾਜ਼ ਉਥੇ ਹੀ ਰਹਿ ਗਿਆ। ਜਪਾਨੀ ਜਿਹਨਾਂ ਦਾ ਜਹਾਜ਼ ਸੀ ਉਹ ਖਾਲੀ ਹੱਥ ਵਾਪਸ ਚਲੇ ਗਏ, ਇਹ ਗੱਲ 1975,76 ਦੇ ਨੇੜੇ ਤੇੜੇ ਦੀ ਹੈ ਸ਼ਾਇਦ ਸਮੁੰਦਰੀ ਜਹਾਜ਼ ਅਜੇ ਵੀ ਉਥੇ ਖੜ੍ਹਾ ਹੋਵੇ ਕਿਉਂਕਿ ਵਾਪਸ ਸਮੁੰਦਰ ਵਿੱਚ ਲਿਜਾਣਾ ਬਹੁਤ ਹੀ ਮੁਸ਼ਕਲ ਹੈ। ਸੂਰਤ ਤੋਂ ਲਿਆਂਦੀ ਜਾਪਾਨੀ ਟੇਪ ਰੀਕਾਰਡਰ ਨੂੰ ਮੈਂ ਕਿਸੇ ਨੂੰ ਹੱਥ ਨਹੀਂ ਸੀ ਲਾਉਣ ਦਿੰਦਾ ਅਤੇ ਸੱਤਾਂ ਪਰਦਿਆਂ ਵਿੱਚ ਰੱਖਦਾ ਸੀ ਤੇ ਹੁਣ ਉਹ ਵਿਚਾਰੀ ਟੇਪ ਧੂੜ ਨਾਲ ਭਰੀ ਪਈ ਸੀ ਵਿੱਚ ਇਕ ਕੈਸਟ ਵੀ ਮੈਂ ਝਾੜ ਪੂੰਝਕੇ ਚਾਲੂ ਕੀਤੀ ਰੀਲ ਅੜਦੀ ਸੀ ਮੈਂ ਫੂਕਾਂ ਫਾਕਾਂ ਮਾਰਕੇ ਚਾਲੂ ਕੀਤੀ ਤਾਂ ‘ਰਫੀ’ ਤੇ ‘ਲਤਾ’ ਦਾ ਗਾਇਆ ਗਾਣਾ ਵੱਜਣ ਲੱਗਾ ‘ ਭੁੱਲਾ ਨਹੀਂ ਦੇਨਾ ਜੀ ਭੁੱਲਾ ਨਹੀਂ ਦੇਨਾ ਜਮਾਨਾ ਖਰਾਬ ਹੈ ਦਗਾ ਨਹੀਂ ਦੇਨਾ ‘ ਮੈਂ ਟੇਪ ਬੰਦ ਕਰ ਦਿੱਤੀ ਕਿਉਕਿ ਮੋਬਾਇਲ ਫੂਨ ਖੜਕ ਪਿਆ ਮੈਂ ਫੂਨ ਸੁਣਕੇ ਕਿਹਾ
‘ਮੈਂ ਤਾਂ ਕੀ! ਆਹ ਮੋਬਾਇਲ ਫੋਨ ਆ ਜਾਣ ਕਰਕੇ ਤੈਂਨੂੰ ਤਾਂ ਕੀ ਤਵਿਆਂ ਵਾਲੀ ਮਸ਼ੀਨ, ਰੇਡੀਓ, ਕਿਤਾਬਾਂ, ਕੈਮਰੇ, ਕਲਕੂਲੇਟਰ, ਟੀ ਵੀ ਤੇ ਸਾਰਿਆਂ ਨੂੰ ਇਕੱਠੇ ਬੈਠਣਾ ਤੇ ਹੋਰ ਬਹੁਤ ਕੁੱਝ ਭੁੱਲਾ ਦਿੱਤਾ’ ਜਿੱਥੇ ਵੇਖੋ ਕੀ ਬੱਚੇ, ਬੁੱਢੇ ਜਵਾਨ, ਮੁੰਡੇ ਜਾਂ ਕੁੜੀਆਂ ਫੂਨ ਤੇ ਠੂੰਗੇ ਮਾਰੀ ਜਾਣਗੇ ਜਿਵੇਂ ਬਾਂਦਰੀ ਜੂੰਆਂ ਫੜਦੀ ਹੋਵੇ! ਜੇ ਕੋਈ ਭੁੱਲ ਭਲੇਖੇ ਘਰ ਆ ਜਾਵੇ ਤਾਂ ਬੱਚਿਆਂ ਦਾ ਘਰ ਆਏ ਵੱਲ ਘੱਟ ਤੇ ਫੂਨ ਤੇ ਠੂੰਗੇ ਮਾਰਨ ਵਿੱਚ ਜਿਆਦਾ।
ਲੇਖਕ ਬਲਦੇਵ ਸਿੰਘ ਬੁੱਧ ਸਿੰਘ ਵਾਲਾ “ਹਾਂਗ ਕਾਂਗ”