ਵਾਰ-ਵਾਰ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਮਾੜੀ ਖਬਰ

0
358

ਵਾਸ਼ਿੰਗਟਨ: ਅਮਰੀਕੀ ਨਾਗਰਿਕਤਾ ਤੇ ਪ੍ਰਵਾਸ ਸੇਵਾਵਾਂ ਵਿਭਾਗ (ਯੂ.ਐਸ.ਸੀ.ਆਈ.ਐਸ.) ਨੇ ਦੱਸਿਆ ਹੈ ਕਿ ਇੱਕ ਤੋਂ ਵੱਧ H-1B ਵੀਜ਼ਾ ਬਿਨੈ ਕਰਨ ਵਾਲਿਆਂ ਦੀ ਵੀਜ਼ਾ ਅਰਜ਼ੀ ਰੱਦ ਕਰ ਦਿੱਤੀ ਜਾਵੇਗੀ। ਫੈਡਰਲ ਅਮਰੀਕੀ ਏਜੰਸੀ ਨੇ ਵਿਦੇਸ਼ੀ ਕਾਮਿਆਂ ਨੂੰ ਇਹ ਚੇਤਾਵਨੀ ਦਿੱਤੀ ਹੈ। H-1B ਵੀਜ਼ਾ ਭਾਰਤੀ ਆਈ.ਟੀ. ਹੁਨਰਮੰਦਾਂ ਵਿੱਚ ਕਾਫੀ ਪ੍ਰਚਲਿਤ ਹੈ।

2019 ਵਿੱਤੀ ਵਰ੍ਹੇ ਲਈ H-1B ਵੀਜ਼ਾ ਲਈ ਆਉਣ ਵਾਲੀ ਦੋ ਅਪ੍ਰੈਲ ਤੋਂ ਬਿਨੈ ਪੱਤਰ ਪ੍ਰਾਪਤ ਕਰਨੇ ਸ਼ੁਰੂ ਕੀਤੇ ਜਾਣਗੇ। ਯੂ.ਐਸ.ਸੀ.ਆਈ.ਐਸ. ਨੇ ਦੱਸਿਆ ਹੈ ਕਿ ਇੱਕ ਵਿਅਕਤੀ ਵੱਲੋਂ ਕਈ ਸਬੰਧਤ ਸ਼੍ਰੇਣੀਆਂ ਵਿੱਚ ਦਿੱਤੀ ਪਟੀਸ਼ਨ ਨੂੰ ਜਾਂਚਣ ਤੋਂ ਬਾਅਦ ਹੀ ਰੱਦ ਕੀਤਾ ਜਾਵੇਗਾ। ਏਜੰਸੀ ਨੇ ਸਪੱਸ਼ਟ ਕੀਤਾ ਕਿ ਕੁਝ ਕੇਸਾਂ ‘ਤੇ ਇਹ ਸ਼ਰਤ ਲਾਗੂ ਨਹੀਂ ਹੋਵੇਗੀ।

ਏਜੰਸੀ ਮੁਤਾਬਕ ਨੌਕਰੀਦਾਤਾ ਵੀ H-1B ਦੇ ਇੱਕੋ ਬਿਨੈਕਰਤਾ ਲਈ ਇੱਕ ਤੋਂ ਵੱਧ ਅਸਾਮੀਆਂ ‘ਤੇ ਦਾਅਵੇਦਾਰੀ ਮਨਜ਼ੂਰ ਨਹੀਂ ਕਰ ਸਕਦਾ। H-1B ਵੀਜ਼ਾ ਲਈ ਸ਼੍ਰੇਣੀਬੱਧ (cap-subject) ਵਿਧੀ ਰਾਹੀਂ ਬਿਨੈ ਕੀਤਾ ਜਾਂਦਾ ਹੈ ਤੇ ਹਰ ਸ਼੍ਰੇਣੀ ਵਿੱਚ ਵੀਜ਼ਾ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਪਹਿਲਾਂ ਤੋਂ ਹੀ ਨਿਰਧਾਰਤ ਕੀਤੀ ਜਾਂਦੀ ਹੈ। ਵੀਜ਼ਾ ਦੇਣ ਵਿੱਚ ਇਹ ਸਖ਼ਤੀ ਇਸ ਲਈ ਕੀਤੀ ਜਾ ਰਹੀ ਹੈ ਤਾਂ ਜੋ ਵਪਾਰੀ ਆਪਣੇ ਕੰਮ ਲਈ ਸਸਤੇ ਵਿਦੇਸ਼ੀ ਕਾਮਿਆਂ ਨੂੰ ਛੱਡ ਵੱਧ ਤੋਂ ਵੱਧ ਅਮਰੀਕੀਆਂ ਨੂੰ ਨੌਕਰੀ ਦੇਣ।