ਲੰਡਨ (ਏਐੱਫਪੀ) : ਓਮਾਨ ਦੀ ਲੇਖਿਕਾ ਜੋਖਾ ਅਲਹਾਰਥੀ ਨੂੰ ਉਨ੍ਹਾਂ ਦੀ ਕਿਤਾਬ ‘ਸੈਲੇਸਟੀਅਲ ਬਾਡੀਜ਼’ ਲਈ ਇਸ ਸਾਲ ਦਾ ਮੈਨ ਬੁੱਕਰ ਇੰਟਰਨੈਸ਼ਨਲ ਐਵਾਰਡ ਦਿੱਤਾ ਗਿਆ ਹੈ। ਜੋਖਾ ਸਾਹਿਤ ਜਗਤ ਦਾ ਇਹ ਮਿਆਰੀ ਪੁਰਸਕਾਰ ਹਾਸਲ ਕਰਨ ਵਾਲੀ ਅਰਬ ਜਗਤ ਦੀ ਪਹਿਲੀ ਲੇਖਿਕਾ ਹੈ। ਪੁਰਸਕਾਰ ਦੇ ਰੂਪ ਵਿਚ ਮਿਲੀ 64 ਹਜ਼ਾਰ ਡਾਲਰ (ਕਰੀਬ 44 ਲੱਖ ਰੁਪਏ) ਦੀ ਇਨਾਮੀ ਰਾਸ਼ੀ ਉਹ ਅਮਰੀਕੀ ਮਾਰਲਿਨ ਬੂਥ ਨਾਲ ਸਾਂਝਾ ਕਰਨਗੇ। ਮਾਰਲਿਨ ਨੇ ਉਨ੍ਹਾਂ ਦੀ ਕਿਤਾਬ ਦਾ ਅੰਗਰੇਜ਼ੀ ‘ਚ ਅਨੁਵਾਦ ਕੀਤਾ ਸੀ।
‘ਸੈਲੇਸਟੀਅਲ ਬਾਡੀਜ਼’ ਓਮਾਨ ਦੇ ਅਲ-ਅਵਾਫੀ ਪਿੰਡ ‘ਚ ਰਹਿਣ ਵਾਲੀਆਂ ਤਿੰਨ ਭੈਣਾਂ ਰਾਹੀਂ ਉੱਥੇ ਬਸਤੀਵਾਦ ਖ਼ਤਮ ਹੋਣ ਦੇ ਬਾਅਦ ਹੋ ਰਹੇ ਬਦਲਾਅ ਦੀ ਕਹਾਣੀ ਹੈ। ਲੰਡਨ ਦੇ ਰਾਊਂਡਹਾਊਸ ‘ਚ ਮੰਗਲਵਾਰ ਨੂੰ ਹੋਏ ਪੁਰਸਕਾਰ ਸਮਾਗਮ ‘ਚ ਜੋਖਾ ਨੇ ਕਿਹਾ, ‘ਮੈਂ ਬਹੁਤ ਖ਼ੁਸ਼ ਹਾਂ ਕਿ ਜਦੋਂ ਅਰਬ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਲਈ ਵੀ ਸਾਹਿਤ ਜਗਤ ਦੇ ਦਰਵਾਜ਼ੇ ਖੁੱਲ੍ਹ ਗਏ ਹਨ। ਮੈਨੂੰ ਉਮੀਦ ਹੈ ਕਿ ਦੁਨੀਆ ਭਰ ਦੇ ਪਾਠਕ ਇਸ ਨਾਵਲ ਨਾਲ ਖ਼ੁਦ ਨੂੰ ਜੋੜ ਸਕਣਗੇ।’ ਮਸਕਟ ਦੀ ਸੁਲਤਾਨ ਕਾਬੁਸ ਯੂਨੀਵਰਸਿਟੀ ‘ਚ ਪ੍ਰੋਫੈਸਰ ਜੋਖਾ ਨੇ ਇਡਨਬਰਗ ਯੂਨੀਵਰਸਿਟੀ ਤੋਂ ਅਰਬੀ ਕਾਵਿ ਦੀ ਪੜ੍ਹਾਈ ਕੀਤੀ ਹੈ। ਉਹ ਅਰਬੀ ਭਾਸ਼ਾ ‘ਚ ਤਿੰਨ ਨਾਵਲ, ਬੱਚਿਆਂ ਦੀ ਇਕ ਕਿਤਾਬ ਅਤੇ ਦੋ ਲਘੂ ਕਹਾਣੀ ਸੰਗ੍ਰਹਿ ਲਿਖ ਚੁੱਕੇ ਹਨ।
ਮੈਨ ਬੁੱਕਰ ਇੰਟਰਨੈਸ਼ਨਲ ਐਵਾਰਡ ਦੁਨੀਆ ਭਰ ‘ਚ ਲਿਖੇ ਗਏ ਨਾਵਲਾਂ ਦੇ ਅੰਗਰੇਜ਼ੀ ਅਨੁਵਾਦ ਨੂੰ ਦਿੱਤਾ ਜਾਂਦਾ ਹੈ। 2005 ‘ਚ ਸ਼ੁਰੂ ਹੋਇਆ ਇਹ ਐਵਾਰਡ ਪਹਿਲਾਂ ਹਰ ਦੋ ਸਾਲ ਪਿੱਛੋਂ ਦਿੱਤਾ ਜਾਂਦਾ ਸੀ। 2016 ਤੋਂ ਇਹ ਹਰ ਸਾਲ ਦਿੱਤਾ ਜਾਣ ਲੱਗਾ। ਪੁਰਸਕਾਰ ਦੀ ਰਾਸ਼ੀ ਲੇਖਕ ਅਤੇ ਅਨੁਵਾਦਕ ‘ਚ ਵੰਡੀ ਜਾਂਦੀ ਹੈ। ਇਸ ਸਾਲ ਦੇ ਐਵਾਰਡ ਲਈ ਜੋਖਾ ਸਮੇਤ ਪੰਜ ਲੇਖਿਕਾਵਾਂ ਅਤੇ ਕੋਲੰਬੀਆ ਦੇ ਨਾਵਲਕਾਰ ਜੁਆਨ ਗਰਬੀਅਲ ਨਾਮਜ਼ਦ ਸਨ।