ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਮਗਰੋਂ ਵਾਪਰੇ ਬਹਿਬਲ ਕਲਾਂ ਤੇ ਕੋਟਕਪੂਰਾ ਕਾਂਡ ਦੇ ਜ਼ਿੰਮੇਵਾਰ ਪੁਲਿਸ ਅਫਸਰਾਂ ਖਿਲਾਫ ਸ਼ਿਕੰਜ਼ਾ ਕੱਸਿਆ ਗਿਆ ਹੈ। ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਐਤਵਾਰ ਨੂੰ ਹੋਈ ਗ੍ਰਿਫਤਾਰੀ ਮਗਰੋਂ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਨਿਸ਼ਾਨੇ ‘ਤੇ ਹੋਰ ਪੁਲਿਸ ਅਫਸਰ ਆ ਗਏ ਹਨ।
ਸਿੱਟ ਨੇ ਬਾਜਾਖਾਨਾ ਥਾਣੇ ਦੇ ਸਾਬਕਾ ਐਸਐਚਓ ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਨੂੰ ਹਿਰਾਸਤ ਵਿੱਚ ਲੈਣ ਲਈ ਫਰੀਦਕੋਟ ਵਿੱਚ ਮਾਈ ਗੋਦੜੀ ਸਾਹਿਬ ਕਲੋਨੀ ਵਿੱਚ ਸਥਿਤ ਉਸ ਦੇ ਘਰ ਛਾਪਾ ਮਾਰਿਆ। ਉਹ ਆਪਣੇ ਘਰ ਨਹੀਂ ਮਿਲਿਆ ਤੇ ਪੁਲਿਸ ਪਾਰਟੀ ਖਾਲੀ ਹੱਥ ਪਰਤ ਗਈ। ਇਸ ਤੋਂ ਇਲਾਵਾ ਉਸ ਵੇਲੇ ਦੇ ਐਸਪੀ ਬਿਕਰਮ ਸਿੰਘ ਤੇ ਉਨ੍ਹਾਂ ਦੇ ਬਾਡੀਗਾਰਡਾਂ ਲਈ ਨੋਟਿਸ ਜਾਰੀ ਕਰ ਦਿੱਤਾ ਹੈ।
ਯਾਦ ਰਹੇ ਪਿੰਡ ਬਹਿਬਲ, ਬਾਜਾਖਾਨਾ ਥਾਣੇ ਅਧੀਨ ਆਉਂਦਾ ਹੈ ਤੇ 14 ਅਕਤੂਬਰ, 2015 ਨੂੰ ਗੋਲੀ ਕਾਂਡ ਵਾਲੇ ਦਿਨ ਅਮਰਜੀਤ ਸਿੰਘ ਕੁਲਾਰ ਬਾਜਾਖਾਨਾ ਥਾਣੇ ਦੇ ਐਚਐਸਓ ਵਜੋਂ ਤਾਇਨਾਤ ਸੀ। ਬਹਿਬਲ ਕਾਂਡ ‘ਚ ਦੋ ਸਿੱਖ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਪੁਲਿਸ ਦੀ ਗੋਲੀ ਵੱਜਣ ਨਾਲ ਮੌਤ ਹੋ ਗਈ ਸੀ।
ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਤੇ ਥਾਣਾ ਮੁਖੀ ਅਮਰਜੀਤ ਸਿੰਘ ਕੁਲਾਰ ਸੇਵਾਮੁਕਤ ਹੋ ਚੁੱਕੇ ਹਨ। ਇਸ ਲਈ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ‘ਤੇ ਖਾਸ ਨਜ਼ਰ ਰੱਖ ਰਹੀ ਸੀ ਜਦੋਂਕਿ ਉਸ ਵੇਲੇ ਦੇ ਐਸਪੀ ਬਿਕਰਮ ਸਿੰਘ ਅਜੇ ਪੁਲਿਸ ਵਿਭਾਗ ਵਿੱਚ ਹੀ ਤਾਇਨਾਤ ਹਨ। ਚਰਨਜੀਤ ਸਿੰਘ ਸ਼ਰਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਦੀ ਸਮੁੱਚੀ ਕਾਰਵਾਈ ਇੱਕਦਮ ਤੇਜ਼ ਹੋ ਗਈ ਹੈ।
ਉਧਰ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ 27 ਜਨਵਰੀ ਦੀ ਰਾਤ ਕਰੀਬ ਦਸ ਵਜੇ ਇੱਥੇ ਇਲਾਕਾ ਮੈਜਿਸਟ੍ਰੇਟ (ਅੱਵਲ ਦਰਜਾ) ਚੇਤਨ ਸ਼ਰਮਾ ਦੀ ਅਦਾਲਤ ਵਿੱਚ ਉਨ੍ਹਾਂ ਦੇ ਘਰ ਵਿਚ ਹੀ ਪੇਸ਼ ਕੀਤਾ ਗਿਆ। ਮੈਜਿਸਟ੍ਰੇਟ ਨੇ ਉਨ੍ਹਾਂ ਦਾ ਅੱਠ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ ਤੇ ਉਨ੍ਹਾਂ ਨੂੰ 4 ਫਰਵਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਪੁਲਿਸ ਨੇ 14 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਸ਼ਰਮਾ ਦੇ ਵਕੀਲਾਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁਵੱਕਲ ਦਿਲ ਦਾ ਰੋਗੀ ਹੈ ਤੇ ਉਸ ਦੇ ਪਾਸੋਂ ਕਿਸੇ ਪ੍ਰਕਾਰ ਦੀ ਬਰਾਮਦਗੀ ਵੀ ਨਹੀਂ ਕਰਵਾਈ ਜਾਣੀ, ਇਸ ਲਈ ਪੁਲੀਸ ਰਿਮਾਂਡ ਨਾ ਦਿੱਤਾ ਜਾਵੇ, ਪਰ ਅਦਾਲਤ ਨੇ ਚਰਨਜੀਤ ਸ਼ਰਮਾ ਨੂੰ ਅੱਠ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।