ਪੰਜਾਬ ਵਿਚੋਂ ਪੜ੍ਹੇ-ਲਿਖੇ ਨੌਜਵਾਨਾਂ ਦਾ ਨਿਕਾਸ ਇਸ ਪੱਧਰ ‘ਤੇ ਪਹੁੰਚ ਗਿਆ ਹੈ ਕਿ ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਪੰਜਾਬ ਅਤੇ ਪੰਜਾਬੀਆਂ ਲਈ ਇਸ ਦੇ ਨਤੀਜੇ ਬਹੁਤ ਹੀ ਘਾਤਕ ਸਾਬਤ ਹੋ ਸਕਦੇ ਹਨ। ਪਿਛਲੇ ਸਾਲ ਲਗਪਗ 4 ਲੱਖ ਨੌਜਵਾਨਾਂ ਨੇ ਆਈਲੈਟਸ ਦੀ ਪ੍ਰੀਖਿਆ ਦਿੱਤੀ। ਇਹ ਗਿਣਤੀ ਲਗਾਤਾਰ ਵਧਦੀ ਚਲੀ ਆ ਰਹੀ ਹੈ। ਲਗਪਗ ਹਰ ਕੋਈ ਜਿਸ ਵਿਚ ਸਰਕਾਰ ਵੀ ਸ਼ਾਮਿਲ ਹੈ, ਇਸ ਬਾਰੇ ਸਹਿਮਤ ਨਜ਼ਰ ਆ ਰਹੇ ਹਨ ਕਿ ਪੜ੍ਹੇ-ਲਿਖੇ ਨੌਜਵਾਨਾਂ ਦਾ ਪੰਜਾਬ ਵਿਚ ਕੋਈ ਭਵਿੱਖ ਨਹੀਂ ਹੈ ਅਤੇ ਉਨ੍ਹਾਂ ਕੋਲ ਇਕੋ-ਇਕ ਰਸਤਾ ਵਿਦੇਸ਼ਾਂ ਵਿਚ ਪ੍ਰਵਾਸ ਕਰਨ ਦਾ ਹੀ ਬਚਿਆ ਹੈ। ਇਥੋਂ ਤੱਕ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਆਈਲੈਟਸ ਦੀ ਤਿਆਰੀ ਕਰਵਾਉਣ ਲਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਵੀ ਸੁਣਨ ਵਿਚ ਆਇਆ ਹੈ ਕਿ ਇਸ ਗੱਲ ਤੋਂ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਰਕਾਰ ਪੰਜਾਬ ਵਿਚੋਂ ਦਿਮਾਗੀ ਨਿਕਾਸ ਬਾਰੇ ਬਿਲਕੁਲ ਚਿੰਤਤ ਨਹੀਂ ਹੈ ਸਗੋਂ ਉਹ ਇਸ ਪ੍ਰਕਿਰਿਆ ਵਿਚ ਸਹਾਈ ਹੋ ਰਹੀ ਹੈ। ਤੁਸੀਂ ਪੰਜਾਬ ਦੇ ਕਿਸੇ ਵੀ ਹਿੱਸੇ ਵਿਚ ਜਾ ਸਕਦੇ ਹੋ, ਉਥੇ ਤੁਹਾਨੂੰ ਆਈਲੈਟਸ ਦੀ ਤਿਆਰੀ ਕਰਵਾਉਣ ਵਾਲੇ ਕੋਚਿੰਗ ਸੈਂਟਰਾਂ ਬਾਰੇ ਇਸ਼ਤਿਹਾਰ ਲੱਗੇ ਨਜ਼ਰ ਆਉਣਗੇ।
ਅਸੀਂ ਪਿੱਛੇ ਜਿਹੇ ਬਿਹਾਰ ਗਏ। ਬਹੁਤ ਸਾਰੇ ਪੰਜਾਬੀਆਂ ਦੀ ਤਰ੍ਹਾਂ ਸਾਡਾ ਵੀ ਬਿਹਾਰ ਬਾਰੇ ਇਹੀ ਪ੍ਰਭਾਵ ਸੀ ਕਿ ਬਿਹਾਰ ਇਕ ਬਹੁਤ ਗ਼ਰੀਬ ਤੇ ਪਛੜਿਆ ਰਾਜ ਹੈ। ਜਿਥੋਂ ਬਹੁਤ ਸਾਰੇ ਗ਼ਰੀਬ ਅਤੇ ਬੇਰੁਜ਼ਗਾਰ ਲੋਕ ਪੰਜਾਬ ਵਿਚ ਮਜ਼ਦੂਰੀ ਕਰਨ ਆਉਂਦੇ ਹਨ, ਪਰ ਉਥੇ ਜਾਣ ਤੋਂ ਬਾਅਦ ਸਾਡਾ ਬਿਹਾਰ ਬਾਰੇ ਪ੍ਰਭਾਵ ਬਿਲਕੁਲ ਬਦਲ ਗਿਆ। ਪਟਨਾ ਜੋ ਕਿ ਪੰਜਾਬ ਦੇ ਕਿਸੇ ਵੀ ਸ਼ਹਿਰ ਨਾਲੋਂ ਵੱਡਾ ਹੈ ਤੇ ਜੋ ਭਾਰਤ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿਚ ਆਉਂਦਾ ਹੈ, ਵਿਚ ਹੁਣ ਰੀਅਲ ਅਸਟੇਟ (ਜ਼ਮੀਨੀ ਜਾਇਦਾਦ) ਦੀ ਕੀਮਤ ਚੰਡੀਗੜ੍ਹ ਨਾਲੋਂ ਵੀ ਜ਼ਿਆਦਾ ਹੈ। ਪਟਨਾ ਵਿਚ ਆਈਲੈਟਸ ਇਮਤਿਹਾਨ ਬਾਰੇ ਇਕ ਵੀ ਇਸ਼ਤਿਹਾਰ ਨਜ਼ਰ ਨਹੀਂ ਆਇਆ। ਉਥੇ ਇਹ ਇਸ਼ਤਿਹਾਰ ਹਰ ਜਗ੍ਹਾ ਲੱਗੇ ਨਜ਼ਰ ਆਏ ਕਿ ਸਾਡੀ ਸੰਸਥਾ ਤੁਹਾਨੂੰ ਆਈ.ਏ.ਐਸ. ਇਮਤਿਹਾਨ ਦੀ ਤਿਆਰੀ ਕਰਵਾਏਗੀ ਅਤੇ ਸਾਡੀ ਸੰਸਥਾ ਨੇ ਸਾਰੇ ਭਾਰਤ ਵਿਚ ਸਭ ਤੋਂ ਜ਼ਿਆਦਾ ਆਈ.ਏ.ਐਸ. ਪੈਦਾ ਕੀਤੇ ਹਨ। ਮੈਂ ਹੁਣੇ-ਹੁਣੇ ਇਕ ਅਮਰੀਕੀ ਟੀ.ਵੀ. ਚੈਨਲ ‘ਤੇ ਆਈ.ਆਈ.ਟੀ. ਮੁੰਬਈ ਬਾਰੇ ਪ੍ਰੋਗਰਾਮ ਦੇਖਿਆ। ਅਮਰੀਕੀ ਵੱਡੀਆਂ ਕਾਰਪੋਰੇਸ਼ਨਾਂ ਦੇ ਨੁਮਾਇੰਦੇ ਮੁੰਬਈ ਆ ਕੇ ਇਥੋਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਿੱਖਿਆ ਪੂਰੀ ਹੋਣ ਤੋਂ ਬਾਅਦ ਆਪਣੇ ਸਭ ਤੋਂ ਉੱਚ ਪੱਧਰ ਦੇ ਐਗਜ਼ੀਕਿਊਟਿਵ ਸਥਾਨਾਂ ਦੀਆਂ ਨੌਕਰੀਆਂ ਪੇਸ਼ ਕਰ ਕਰਦੇ ਹਨ। ਇਸੇ ਤਰ੍ਹਾਂ ਅਮਰੀਕਾ ਦੀਆਂ ਸਭ ਤੋਂ ਮਸ਼ਹੂਰ ਯੂਨੀਵਰਸਿਟੀਆਂ ਜਿਵੇਂ ਹਾਰਵਰਡ ਯੂਨੀਵਰਸਿਟੀ ਉਨ੍ਹਾਂ ਵਿਦਿਆਰਥੀਆਂ ਨੂੰ ਦਾਖਲਾ ਦਿੰਦੀਆਂ ਹਨ ਜਿਨ੍ਹਾਂ ਨੇ ਇਥੇ ਦਾਖ਼ਲੇ ਲਈ ਅਰਜ਼ੀ ਦਿੱਤੀ ਸੀ ਪਰ ਚੁਣੇ ਨਹੀਂ ਗਏ ਸਨ। ਇਥੇ ਦਾਖ਼ਲਾ ਲੈਣ ਲਈ ਮੁਕਾਬਲਾ ਸੰਸਾਰ ਭਰ ਵਿਚ ਸਭ ਤੋਂ ਸਖ਼ਤ ਹੈ।
ਇਨ੍ਹਾਂ ਰਾਜਾਂ ਦੇ ਮੁਕਾਬਲੇ ਵਿਚ ਪੰਜਾਬ ਦਾ ਪੱਧਰ (ਪੜ੍ਹਾਈ ਵਿਚ) ਬਹੁਤ ਨੀਵਾਂ ਹੈ। ਆਈਲੈਟਸ ਟੈਸਟ ਜੋ ਕਿ ਇਕ ਸਾਦਾ ਜਿਹਾ ਟੈਸਟ ਵੀ ਪੰਜਾਬ ਦੇ ਬਹੁਤ ਸਾਰੇ ਮੁੰਡਿਆਂ ਲਈ ਔਖਾ ਹੈ। ਪੰਜਾਬ ਵਿਚੋਂ ਜੋ ਵਿਦਿਆਰਥੀ ਆਈਲੈਟਸ ਟੈਸਟ ਪਾਸ ਕਰਕੇ ਕੈਨੇਡਾ ਵਰਗੇ ਦੇਸ਼ਾਂ ਵਿਚ ਜਾ ਰਹੇ ਹਨ, ਇਨ੍ਹਾਂ ਵਿਚੋਂ ਵੱਡੀ ਬਹੁਗਿਣਤੀ ਨੂੰ ਕੋਈ ਚੰਗੀ ਉਚੇਰੀ ਵਿੱਦਿਆ ਹਾਸਲ ਹੋਣ ਦੀ ਸੰਭਾਵਨਾ ਨਹੀਂ ਹੈ। ਇਨ੍ਹਾਂ ਵਿਚੋਂ ਬਹੁਤ ਸਾਰੇ ਛੋਟੀਆਂ-ਮੋਟੀਆਂ ਨੌਕਰੀਆਂ ਜਿਨ੍ਹਾਂ ਲਈ ਕੋਈ ਜ਼ਿਆਦਾ ਪੜ੍ਹੇ-ਲਿਖੇ ਹੋਣ ਦੀ ਜ਼ਰੂਰਤ ਨਹੀਂ, ਹੀ ਕਰਨਗੇ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਕਾਫੀ ਗਿਣਤੀ ਦੇ ਜਰਾਇਮ ਪੇਸ਼ਾ ਬਣਨ ਦੀ ਸ਼ੰਕਾ ਹੈ। ਕਈ ਮੁੰਡੇ ਗੈਂਗਾਂ ਦੇ ਮੈਂਬਰ ਬਣਦੇ ਜਾ ਰਹੇ ਹਨ। ਕਈ ਨਸ਼ਿਆਂ ਦਾ ਧੰਦਾ ਕਰ ਰਹੇ ਹਨ ਅਤੇ ਕਈ ਨਾਜਾਇਜ਼ ਬੰਦੇ ਲੰਘਾਉਣ ਦੇ ਕੰਮ ਵਿਚ ਜੁੱਟ ਜਾਂਦੇ ਹਨ। ਬਹੁਤ ਸਾਰੇ ਨੌਜਵਾਨ ਟਰੱਕ ਡਰਾਈਵਰ ਤੇ ਟੈਕਸੀ ਡਰਾਈਵਰ ਬਣਦੇ ਜਾ ਰਹੇ ਹਨ। ਕਈ ਪੈਟਰੋਲ ਪੰਪਾਂ ‘ਤੇ ਨੌਕਰੀ ਕਰਦੇ ਹਨ, ਕਈ ਸਫ਼ਾਈ ਦੇ ਕੰਮ ਵਿਚ ਲੱਗ ਜਾਂਦੇ ਹਨ। ਕਈ ਸੁਰੱਖਿਆ ਕਰਮਚਾਰੀ ਬਣ ਜਾਂਦੇ ਹਨ ਅਤੇ ਕਈ ਪੀਜ਼ਾ ਬਣਾਉਣ ਜਾਂ ਘਰਾਂ ਤੱਕ ਪਹੁੰਚਾਉਣ ਵਰਗੀਆਂ ਨੌਕਰੀਆਂ ਲੱਭ ਲੈਂਦੇ ਹਨ। ਇਹ ਸਾਰੇ ਉਹ ਕੰਮ ਹਨ ਜੋ ਉਥੇ ਦੇ ਲੋਕ ਨਹੀਂ ਕਰਨਾ ਚਾਹੁੰਦੇ। ਉਦਾਹਰਨ ਵਜੋਂ ਇਕ ਅਮਰੀਕੀ ਅਖ਼ਬਾਰ ਵਿਚ ਪੜ੍ਹਨ ਨੂੰ ਮਿਲਿਆ ਕਿ ਅਮਰੀਕਾ ਵਿਚ ਕੋਈ ਟਰੱਕ ਡਰਾਈਵਰ ਨਹੀਂ ਬਣਨਾ ਚਾਹੁੰਦਾ ਪਰ ਇਕ ਭਾਈਚਾਰਾ ਹੈ ਜੋ ਇਹ ਕੰਮ ਕਰਨਾ ਚਾਹੁੰਦਾ ਹੈ। ਇਹ ਭਾਈਚਾਰਾ ਸਿੱਖ ਭਾਈਚਾਰਾ ਹੈ, ਅਮਰੀਕਾ ਵਿਚ ਹੁਣ 30,000 ਸਿੱਖ ਟਰੱਕ ਡਰਾਈਵਰ ਹਨ। ਅਮਰੀਕਾ ਵਿਚ ਕੁੱਲ 15 ਲੱਖ ਟਰੱਕ ਡਰਾਈਵਰ ਹਨ। ਅਖ਼ਬਾਰ ਅਨੁਸਾਰ ਇਕ ਦਿਨ ਇਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਹੋਣ ਜਾ ਰਹੇ ਹਨ।
ਜਿਥੇ ਬਹੁਤ ਸਾਰੇ ਪੰਜਾਬੀ ਘੱਟ ਤਨਖਾਹ ਅਤੇ ਘੱਟ ਸਤਿਕਾਰਤ ਨੌਕਰੀਆਂ ਕਰ ਰਹੇ ਹਨ, ਉਥੇ ਬਾਕੀ ਭਾਰਤੀ ਤੇ ਖ਼ਾਸ ਕਰਕੇ ਦੱਖਣੀ ਭਾਰਤੀ ਬਹੁਤ ਹੀ ਸਤਿਕਾਰਤ ਅਤੇ ਬਹੁਤ ਜ਼ਿਆਦਾ ਤਨਖਾਹਾਂ ਵਾਲੀਆਂ ਨੌਕਰੀਆਂ ਕਰਦੇ ਹਨ। ਅਮਰੀਕਾ ਵਿਚ ਇਕ ਗਾਈਨੇਕੋਲੋਜਿਸਟ (ਔਰਤਾਂ ਦੇ ਡਾਕਟਰ) ਨੇ ਦੱਸਿਆ ਕਿ ਉਸ ਦੇ ਪੰਜਾਬੀ ਅਤੇ ਦੱਖਣੀ ਭਾਰਤ ਨਾਲ ਸਬੰਧਿਤ ਮਰੀਜ਼ਾਂ ਵਿਚ ਬਹੁਤ ਵੱਡਾ ਫ਼ਰਕ ਹੈ। ਬਹੁਤ ਸਾਰੇ ਪੰਜਾਬੀ ਮਰੀਜ਼ਾਂ ਨੂੰ ਚੰਗੀ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ। ਉਨ੍ਹਾਂ ਨੂੰ ਆਪਣੀ ਮਰਜ਼ ਬਾਰੇ ਜ਼ਿਆਦਾ ਸਮਝ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਹਦਾਇਤਾਂ ਸਮਝਣ ਵਿਚ ਵੀ ਦਿੱਕਤ ਆਉਂਦੀ ਹੈ। ਇਹ ਔਰਤਾਂ ਅਤੇ ਇਨ੍ਹਾਂ ਦੇ ਪਤੀ ਜ਼ਿਆਦਾਤਰ ਛੋਟੀਆਂ-ਮੋਟੀਆਂ ਨੌਕਰੀਆਂ ਕਰਦੇ ਹਨ। ਇਸ ਦੇ ਉਲਟ ਦੱਖਣੀ ਭਾਰਤ ਨਾਲ ਸਬੰਧਿਤ ਮਰੀਜ਼ ਬਹੁਤ ਵਧੀਆ ਅੰਗਰੇਜ਼ੀ ਬੋਲ ਸਕਦੇ ਹਨ। ਉਨ੍ਹਾਂ ਨੂੰ ਆਪਣੀ ਮਰਜ਼ ਬਾਰੇ ਕਾਫੀ ਗਿਆਨ ਹੁੰਦਾ ਹੈ ਅਤੇ ਉਨ੍ਹਾਂ ਲਈ ਹਦਾਇਤਾਂ ਸਮਝਣੀਆਂ ਬਹੁਤ ਸੌਖਾ ਹੁੰਦਾ ਹੈ। ਉਹ ਅਤੇ ਉਨ੍ਹਾਂ ਦੇ ਪਤੀ ਜ਼ਿਆਦਾਤਰ ਬਹੁਤ ਸਤਿਕਾਰਤ ਅਤੇ ਚੰਗੀਆਂ ਤਨਖਾਹਾਂ ਵਾਲੀਆਂ ਨੌਕਰੀਆਂ ਕਰਦੇ ਹਨ। ਇਕ ਹੋਰ ਬਹੁਤ ਵੱਡਾ ਫ਼ਰਕ ਇਹ ਹੈ ਕਿ ਪੰਜਾਬੀ ਮਰੀਜ਼ ਉਸ ਨੂੰ ਇਹ ਬੇਨਤੀ ਅਕਸਰ ਕਰਦੇ ਹਨ ਕਿ ਉਹ ਉਨ੍ਹਾਂ ਨੂੰ ਇਕ ਸਰਟੀਫਿਕੇਟ ਦੇ ਦੇਵੇ ਕਿ ਉਨ੍ਹਾਂ ਨੂੰ ਕਿਸੇ ਦੀ ਸਹਾਇਤਾ ਦੀ ਲੋੜ ਹੈ ਜੋ ਉਨ੍ਹਾਂ ਨਾਲ ਹਰ ਵੇਲੇ ਰਹਿ ਸਕੇ ਤਾਂ ਜੋ ਇਸ ਸਰਟੀਫਿਕੇਟ ਦੇ ਆਧਾਰ ‘ਤੇ ਉਹ ਪੰਜਾਬ ਵਿਚੋਂ ਕਿਸੇ ਨੂੰ ਅਮਰੀਕਾ ਲਿਆਉਣ ਦਾ ਵੀਜ਼ਾ ਲਵਾ ਸਕਣ। ਇਸ ਦੇ ਉਲਟ ਬਹੁਤ ਸਾਰੇ ਦੱਖਣੀ ਭਾਰਤ ਨਾਲ ਸਬੰਧਿਤ ਮਰੀਜ਼ ਇਹ ਖਾਹਿਸ਼ ਜ਼ਾਹਰ ਕਰਦੇ ਹਨ ਕਿ ਉਹ ਭਾਰਤ ਜਾ ਕੇ ਬੱਚਾ ਜੰਮਣਾ ਚਾਹੁੰਦੇ ਹਨ। ਕੁਝ ਸਮਾਂ ਪਹਿਲਾਂ ਅਮਰੀਕੀ ਸਰਕਾਰ ਨੇ 20 ਭਾਰਤੀ ਮੂਲ ਦੇ ਵਿਗਿਆਨਕਾਂ ਦਾ ਸਨਮਾਨ ਕੀਤਾ। ਇਨ੍ਹਾਂ ਵਿਚੋਂ 19 ਦੱਖਣੀ ਭਾਰਤ ਨਾਲ ਸਬੰਧਿਤ ਸਨ। ਪਹਿਲਾਂ ਅਜਿਹੀ ਸਥਿਤੀ ਨਹੀਂ ਸੀ। ਮੈਂ 70ਵਿਆਂ ਦੇ ਦਹਾਕੇ ਦੇ ਸ਼ੁਰੂ ਵਿਚ ਅਮਰੀਕਾ ਗਿਆ। ਉਸ ਵੇਲੇ ਉਚੇਰੀ ਵਿੱਦਿਆ ਅਤੇ ਸਤਿਕਾਰਤ ਅਤੇ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਵਿਚ ਪੰਜਾਬੀਆਂ ਅਤੇ ਦੱਖਣੀ ਭਾਰਤੀ ਮੂਲ ਦੇ ਲੋਕਾਂ ਵਿਚ ਜ਼ਿਆਦਾ ਫ਼ਰਕ ਨਹੀਂ ਸੀ, ਸਗੋਂ ਦੱਖਣੀ ਭਾਰਤੀ ਪੰਜਾਬੀਆਂ ਨੂੰ ਬਹੁਤ ਸਤਿਕਾਰ ਨਾਲ ਦੇਖਦੇ ਸੀ। ਜਦੋਂ ਮੈਂ ਆਪਣੀ ਡਾਕਟਰੀ ਦੀ ਸਿਖਲਾਈ ਸ਼ੁਰੂ ਕੀਤੀ ਤਾਂ ਸਬੱਬ ਨਾਲ ਮੇਰੇ ਨਾਲ ਜ਼ਿਆਦਾ ਡਾਕਟਰ ਆਂਧਰਾ ਪ੍ਰਦੇਸ਼ ਤੋਂ ਸਨ। ਇਹ ਸਾਰੇ ਮੇਰੇ ਮਿੱਤਰ ਬਣ ਗਏ। ਇਨ੍ਹਾਂ ਨੇ ਮੈਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ। ਉਹ ਹਾਸੇ ਨਾਲ ਕਹਿੰਦੇ ਸਨ ਕਿ ਤੂੰ ਸਾਡਾ ਅਣ-ਐਲਾਨਿਆ ਨੇਤਾ ਹੈ। ਡਾਕਟਰੀ ਸਿਖਲਾਈ ਦੇ ਨਾਲ-ਨਾਲ ਮੈਂ ਰਾਜਨੀਤਕ ਤੌਰ ‘ਤੇ ਵੀ ਬਹੁਤ ਸਰਗਰਮ ਸੀ ਅਤੇ ਨੌਜਵਾਨਾਂ ਵਿਚ ਅਮਰੀਕਾ ਵਲੋਂ ਵੀਅਤਨਾਮ ਵਿਚ ਸ਼ੁਰੂ ਕੀਤੀ ਲੜਾਈ ਵਿਰੁੱਧ ਭਾਵਨਾ ਜਗਾਉਣ ਲਈ ਯਤਨਸ਼ੀਲ ਸੀ। ਇਸ ਮੰਤਵ ਲਈ ਮੈਂ ਅਕਸਰ ਅਮਰੀਕਾ ਦੀਆਂ ਯੂਨੀਵਰਸਿਟੀਆਂ ਜਿਵੇਂ ਯੂਨੀਵਰਸਿਟੀ ਆਫ ਸ਼ਿਕਾਗੋ, ਪੈਨਸਲਵੇਨੀਆ ਯੂਨੀਵਰਸਿਟੀ, ਫਿਲਾਡੈਲਫੀਆ ਅਤੇ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਵਿਚ ਜਾਂਦਾ ਰਹਿੰਦਾ ਸੀ। ਉਸ ਵੇਲੇ ਕਾਫੀ ਗਿਣਤੀ ਵਿਚ ਪੰਜਾਬੀ ਵਿਦਿਆਰਥੀ ਚੰਗੇ ਵਿਸ਼ਿਆਂ ਵਿਚ ਪੀ.ਐਚ.ਡੀ. ਕਰ ਰਹੇ ਸਨ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹਰਗੋਬਿੰਦ ਖੁਰਾਣਾ ਜਿਨ੍ਹਾਂ ਨੇ ਫਿਜ਼ਿਕਸ ਵਿਚ ਨੋਬਲ ਪ੍ਰਾਈਜ਼ ਜਿੱਤਿਆ, ਪੰਜਾਬੀ ਸਨ।
ਇਹ ਸਿਰਫ ਵਿਦੇਸ਼ਾਂ ਵਿਚ ਹੀ ਨਹੀਂ, ਜਿਥੇ ਉਚੇਰੀ ਵਿੱਦਿਆ ਅਤੇ ਗਿਆਨ ਦੇ ਖੇਤਰਾਂ ਵਿਚ ਪੰਜਾਬੀ ਤੁਲਨਾਤਮਿਕ ਤੌਰ ‘ਤੇ ਪਛੜ ਰਹੇ ਹਨ ਅਤੇ ਇਕ ਹੇਠਲੀ ਸ਼੍ਰੇਣੀ ਪੈਦਾ ਹੋ ਰਹੀ ਹੈ। ਪੰਜਾਬ ਵਿਚ ਵੀ ਸਮੁੱਚੇ ਤੌਰ ‘ਤੇ ਉਚੇਰੀ ਵਿੱਦਿਆ ਤੇ ਗਿਆਨ ਵਿਚ ਪੰਜਾਬ ਪਛੜਦਾ ਨਜ਼ਰ ਆ ਰਿਹਾ ਹੈ ਅਤੇ ਸਮੁੱਚੇ ਤੌਰ ‘ਤੇ ਪੰਜਾਬ ਦੀ ਵਸੋਂ ਵਿਚ ਪੜ੍ਹਾਈ ਅਤੇ ਸੱਭਿਆਚਾਰ ਦਾ ਪੱਧਰ ਡਿਗਦਾ ਨਜ਼ਰ ਆਉਣ ਲੱਗ ਪਿਆ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਕਈ ਵਿਭਾਗਾਂ ਵਿਚ ਦਾਖ਼ਲਾ ਲੈਣ ਲਈ ਸਖ਼ਤ ਮੁਕਾਬਲਾ ਹੁੰਦਾ ਸੀ ਪਰ ਹੁਣ ਤਾਂ ਇਨ੍ਹਾਂ ਵਿਚ ਸੀਟਾਂ ਵੀ ਪੂਰੀਆਂ ਨਹੀਂ ਹੁੰਦੀਆਂ। ਫ਼ਰੀਦਕੋਟ ਦੇ ਸਰਕਾਰੀ ਕਾਲਜ ਵਿਚ ਦਾਖ਼ਲ ਹੋਣ ਲਈ ਸਖ਼ਤ ਮੁਕਾਬਲਾ ਹੁੰਦਾ ਸੀ। ਔਸਤਨ ਇਕ ਸੀਟ ਲਈ ਚਾਰ ਉਮੀਦਵਾਰ ਹੁੰਦੇ ਸਨ ਪਰ ਇਸ ਵਾਰੀ ਸਿਰਫ 70 ਫ਼ੀਸਦੀ ਸੀਟਾਂ ਹੀ ਭਰ ਸਕੀਆਂ। ਅਜਿਹੀ ਸਥਿਤੀ ਪੰਜਾਬ ਵਿਚ ਉਚੇਰੀ ਵਿੱਦਿਆ ਦੇ ਪੱਧਰ ਲਈ ਘਾਤਕ ਸਿੱਧ ਹੋ ਸਕਦੀ ਹੈ, ਜੋ ਵਿਦਿਆਰਥੀ ਬਾਹਰ ਜਾ ਰਹੇ ਹਨ, ਉਹ ਅਕਸਰ ਮੱਧ ਸ਼੍ਰੇਣੀ ਪਰਿਵਾਰਾਂ ਨਾਲ ਸਬੰਧਿਤ ਹੁੰਦੇ ਹਨ। ਪਰ ਪੰਜਾਬ ਵਿਚ ਆਵਾਸ ਕਰਨ ਵਾਲਿਆਂ ਵਿਚ ਵੱਡੀ ਗਿਣਤੀ ਗਰੀਬ ਅਤੇ ਸੱਭਿਆਚਾਰਕ ਤੌਰ ‘ਤੇ ਪਛੜੇ ਹੋਏ ਲੋਕਾਂ ਦੀ ਹੈ। ਅਜੋਕੇ ਪ੍ਰਵਾਸ ਅਤੇ ਆਵਾਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਪੰਜਾਬ ਆਬਾਦੀ ਦੀ ਸ਼੍ਰੇਣੀ ਦੇ ਆਧਾਰ ‘ਤੇ ਵੀ ਡਿਗ ਰਿਹਾ ਹੈ। ਉਹ ਧਰਤੀ ਜਿਥੇ ਵੇਦਾਂ ਦੀ ਰਚਨਾ ਹੋਈ, ਜੋ ਕਿ ਸੰਸਾਰ ਦੀ ਪਹਿਲੀ ਪੁਸਤਕ ਸਨ, ਉਹ ਧਰਤੀ ਜਿਥੇ ਤਕਸ਼ਿਲਾ ਵਿਚ ਸੰਸਾਰ ਦੀ ਪਹਿਲੀ ਯੂਨੀਵਰਸਿਟੀ ਬਣੀ, ਉਹ ਧਰਤੀ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਚ ਗਿਆਨ ਦੀ ਸਿਖ਼ਰ ਹਾਸਲ ਹੋਈ ਅਤੇ ਉਹ ਧਰਤੀ ਜਿਥੇ ਖ਼ਾਲਸੇ ਦੇ ਰੂਪ ਵਿਚ ਪੂਰਨ ਜਾਗ੍ਰਿਤ ਮਨੁੱਖਤਾ ਦੀ ਸਿਰਜਣਾ ਹੋਈ, ਅੱਜ ਗਿਆਨ ਦੇ ਖੇਤਰ ਵਿਚ ਪਛੜਦੀ ਹੋਈ ਉਜੱਡਪੁਣੇ ਦਾ ਸ਼ਿਕਾਰ ਹੁੰਦੀ ਨਜ਼ਰ ਆ ਰਹੀ ਹੈ। # ਡਾ: ਸਵਰਾਜ ਸਿੰਘ