ਵਿਸ਼ਵ ਹਾਕੀ ਕੱਪ ਵਿਚ ਪੰਜਾਬੀ ਸੰਗੀਤ ਦੀ ਬੱਲੇ-ਬੱਲੇ

0
434

ਭੁਬਨੇਸ਼ਵਰ : ਕਲਿੰਗਾ ਸਟੇਡੀਅਮ ਦੇ ਬਿਲਕੁਲ ਨਾਲ ਉਸਾਰੇ ਗਏ ‘ਫੈਨ ਵਿਲੇਜ’ਵਿੱਚ ਹਾਕੀ ਤੋਂ ਇਲਾਵਾ ਬਹੁਤ ਕੁੱਝ ਹੈ, ਜੋ ਹਾਕੀ ਪ੍ਰੇਮੀਆਂ ਨੂੰ ਖਿੱਚਣ ਵਿੱਚ ਪੂਰੀ ਤਰਾਂ ਕਾਮਯਾਬ ਰਿਹਾ ਹੈ।ਇਸ ਵਿੱਚ 20 ਫੁੱਟ ਉੱਚੀ ਤੇ 25 ਫੁੱਟ ਚੌੜੀ ਸਕਰੀਨ ਲਗਾਈ ਗਈ ਹੈ। ਸਟੇਡੀਅਮ ਤੋਂ ਬਾਹਰ ਇਸ ਵੱਡੀ ਸਕਰੀਨ ਅੱਗੇ ਭੀੜ ਜੁੜੀ ਰਹਿੰਦੀ ਹੈ। ਵਿਹਲ ਦੇ ਸਮੇਂ ਵਿੱਚ ਇਸ ਸਕਰੀਨ ਉੱਤੇ ਨਿਰੋਲ ਪੰਜਾਬੀ ਸੰਗੀਤ ਵੱਜਦਾ ਹੈ, ਜਿਸ ’ਤੇ ਉੜੀਸਾ ਵਾਸੀ ਪੂਰੇ ਜੋਸ਼ ਨਾਲ਼ ਨੱਚਦੇ ਹਨ। ਨੱਚਣ ਵਾਲ਼ੇ ਭਾਵੇਂ ਪੰਜਾਬੀ ਭਾਸ਼ਾ ਤੋਂ ਕੋਰੇ ਹਨ ਪਰ ਪੰਜਾਬੀ ਗੀਤਾਂ ਦੀਆਂ ਧੁਨਾਂ ਕਾਰਨ ਉਨ੍ਹਾਂ ਦੇ ਪੈਰ ਥਿਰਕਣ ਤੋਂ ਨਹੀਂ ਰਹਿ ਸਕਦੇ।
ਭਾਰਤੀ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਉਹਨਾਂ ਦੇ ਪਰਿਵਾਰ ਵੀ ਪੁੱਜੇ ਹੋਏ ਹਨ। ਭਾਰਤ ਲਈ ਪਹਿਲਾ ਗੋਲ ਕਰਨ ਵਾਲ਼ੇ ਮਨਦੀਪ ਦਾ ਭਰਾ ਹਰਮਿੰਦਰ ਪੂਰੇ ਕੱਪ ਭੁਬਨੇਸ਼ਵਰ ਵਿੱਚ ਹਾਜ਼ਰ ਹੈ। ਜਿਉਂ ਉਸ ਦਾ ਭਰਾ ਨੇ ਟੀਮ ਲਈ ਪਹਿਲਾ ਗੋਲ ਕੀਤਾ ਤਾਂ ਉਹ ਦਰਸ਼ਕ ਪੈਵੇਲੀਅਨ ਵਿੱਚ ਸਭ ਦਾ ਨਾਇਕ ਬਣ ਗਿਆ। ਭਾਰਤੀ ਟੀਮ ਵਿੱਚ ਸਭ ਤੋਂ ਛੋਟੀ ਉਮਰ ਦੇ ਖਿਡਾਰੀ 20 ਸਾਲਾ ਹਾਰਦਿਕ ਦੇ ਪਰਿਵਾਰ ਤੋਂ ਵੀ ਚਾਅ ਸਾਂਭੇ ਨਹੀਂ ਜਾ ਰਹੇ। ਇਹ ਖਿਡਾਰੀ 2013 ਵਿੱਚ ਹਾਕੀ ਇੰਡੀਆ ਲੀਗ ਵਿੱਚ ਬਾਲ ਬੁਆਏ ਬਣਿਆ ਸੀ ਤੇ ਹੁਣ ਕੋਚ ਹਰਿੰਦਰ ਦੀ ਪਹਿਲੀ ਪਸੰਦ ਹੈ।