ਅਮਰੀਕਾ ਨਾਲ ਵਪਾਰ ਯੁੱਧ ਰੋਕਣ ਲਈ ਛੇਤੀ ਕਦਮ ਚੁੱਕੇਗਾ ਚੀਨ

0
352

ਬੀਜਿੰਗ : ਚੀਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਮਰੀਕਾ ਨਾਲ ਵਪਾਰ ਯੁੱਧ ਰੋਕਣ ਲਈ ਜਿਨ੍ਹਾਂ ਉਪਾਅ `ਤੇ ਸਹਿਮਤੀ ਬਣੀ ਹੈ, ਉਨ੍ਹਾਂ ਨੂੰ ਤੁਰੰਤ ਲਾਗੂ ਕਰੇਗਾ। ਵਪਾਰਿਕ ਮੰਤਰਾਲੇ ਦਾ ਇਹ ਬਿਆਨ ਹਾਲ ਹੀ `ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਮੁਲਾਕਾਤ ਦੇ ਬਾਅਦ ਆਇਆ ਹੈ। ਦੋਵਾਂ ਆਗੂਆਂ ਨੇ ਗੱਲਬਾਤ ਨੂੰ ਵਪਾਰ ਤਣਾਅ ਦੂਰ ਕਰਨ ਲਈ 90 ਦਿਨ ਦਾ ਸਮਾਂ ਦਿੱਤਾ ਹੈ।

ਵਪਾਰ ਮੰਤਰਾਲੇ ਦੇ ਬੁਲਾਰੇ ਗਾਓ ਫੇਂਗ ਨੇ ਪੱਤਰਕਾਰ ਸੰਮੇਲਨ `ਚ ਕਿਹਾ ਕਿ ਖੇਤੀਬਾੜੀ ਉਤਪਾਦਾਂ, ਊਰਜਾ, ਵਾਹਨਾਂ ਅਤੇ ਹੋਰ ਵਸਤੂਆਂ ਨੂੰ ਲੈ ਕੇ ਦੋਵੇਂ ਪੱਖਾਂ ਵਿਚ ਬਣੀ ਸਹਿਮਤੀ ਦੀਆਂ ਗੱਲਾਂ ਨੂੰ ਚੀਨ ਤੁਰੰਤ ਪ੍ਰਭਾਵ ਨਾਲ ਲਾਗੂ ਕਰੇਗਾ।

ਦੋਵੇ ਦੇਸ਼ ਤਕਨੀਕੀ ਸਹਿਯੋਗ, ਬਾਜ਼ਾਰ ਪਹੁੰਚ ਅਤੇ ਨਿਰਪੱਖ ਵਪਾਰ ਦੇ ਮੁੱਦਿਆਂ `ਤੇ ਚਰਚਾ ਕਰਨਗੇ ਅਤੇ ਆਮ ਸਹਿਮਤੀ `ਤੇ ਪਹੁੰਚਣ ਲਈ ਸਖਤ ਮਿਹਨਤ ਕਰਨਗੇ। ਹਾਲਾਂਕਿ, ਬੁਲਾਰੇ ਨੇ ਇਸ ਸਬੰਘੀ ਕੋਈ ਵੇਰਵਾ ਨਹੀਂ ਦਿੱਤਾ ਕਿ ਚੀਨ ਕਿਹੜੇ ਕਦਮ ਚੁੱਕੇਗਾ।

ਵਾਈਟ ਹਾਊਸ ਨੇ ਕਿਹਾ ਕਿ ਚੀਨ ਨੇ ਵਧਦੇ ਵਪਾਰ ਘਾਟੇ `ਚ ਕਮੀ ਲਿਆਉਣ ਲਈ ਖੇਤੀਬਾੜੀ, ਊਰਜਾ, ਉਦਯੋਗਿਕ ਅਤੇ ਹੋਰ ਉਤਪਾਦ ਖਰੀਦਣ `ਤੇ ਸਹਿਮਤੀ ਪ੍ਰਗਟਾਈ ਹੈ।