ਇੰਟਰਪੋਲ ਮੁਖੀ ਮੇਂਗ ਹੋਂਗਵੇਈ ਚੀਨ ਵਿਚ ਗਿਰਫਤਾਰ, ਰਿਸ਼ਵਤ ਦੇ ਦੋਸ਼

0
430

ਬੀਜਿੰਗ – ਚੀਨੀ ਮੂਲ ਦੇ ਇੰਟਰਪੋਲ ਮੁਖੀ ਮੇਂਗ ਹੋਂਗਵੇਈ, ਜੋ ਕਿ ਪਿਛਲੇ ਮਹੀਨੇ ਭੇਦਭਰੀ ਹਾਲਤ ‘ਚ ਲਾਪਤਾ ਹੋ ਗਏ ਸਨ, ਤੋਂ ਕਥਿਤ ਭ੍ਰਿਸ਼ਟਾਚਾਰ ਦੇ ਸਬੰਧ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਚੀਨ ਨੇ ਦੱਸਿਆ ਕਿ ਇਹ ਕਦਮ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਦੀ ਅਗਵਾਈ ਵਾਲੇ ਭ੍ਰਿਸ਼ਟਾਚਾਰ ਵਿਰੋਧੀ ਪ੍ਰਚਾਰ ਦੇ ਉਦੇਸ਼ ਨੂੰ ਪੂਰਾ ਕਰਨ ਦੇ ਸਬੰਧ ‘ਚ ਤਾਜ਼ਾ ਮਾਮਲਾ ਹੈ। ਜ਼ਿਕਰਯੋਗ ਹੈ ਕਿ ਮੇਂਗ, ਜੋ ਕਿ ਚੀਨ ‘ਚ ਜਨਤਕ ਸੁਰੱਖਿਆ ਦੇ ਉੱਪ-ਮੰਤਰੀ ਵੀ ਹਨ, ਪਿਛਲੇ ਮਹੀਨੇ ਸਤੰਬਰ ‘ਚ ਫਰਾਂਸ ‘ਚ ਇੰਟਰਪੋਲ ਦੇ ਹੈੱਡਕੁਆਰਟਰ ਤੋਂ ਚੀਨ ਆਉਣ ਸਮੇਂ ਲਾਪਤਾ ਹੋ ਗਏ ਸਨ। ਇੰਟਰਪੋਲ, ਅੰਤਰਰਾਸ਼ਟਰੀ ਪੁਲਿਸਿੰਗ ਏਜੰਸੀ ਹੈ, ਜੋ ਕਿ ਵਿਸ਼ਵ ਭਰ ਦੀਆਂ ਪੁਲਿਸ ਫੋਰਸਾਂ ਨਾਲ ਤਾਲਮੇਲ ਕਰਕੇ ਲਾਪਤਾ ਤੇ ਲੋੜੀਂਦੇ ਲੋਕਾਂ ਦੀ ਭਾਲ ਕਰਦੀ ਹੈ। ਮੇਂਗ ਦੇ ਲਾਪਤਾ ਹੋਣ ਦੀ ਸਭ ਤੋਂ ਪਹਿਲੀ ਸੂਚਨਾ ਮੇਂਗ ਦੀ ਪਤਨੀ ਗਰੇਸ ਨੇ ਦਿੱਤੀ ਸੀ। ਉਸ ਨੇ ਫਰਾਂਸ ਦੇ ਲਿਓਨ ਸ਼ਹਿਰ, ਜਿਥੇ ਦੋਵੇਂ ਪਤੀ-ਪਤਨੀ ਰਹਿੰਦੇ ਹਨ, ਦੇ ਪ੍ਰਸ਼ਾਸਨ ਨੂੰ ਮੇਂਗ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਸੀ। 64 ਸਾਲਾ ਮੇਂਗ ਨੂੰ ਚੀਨ ਦੀ ਸਰਕਾਰ ਨੇ ਰਿਸ਼ਵਤ ਲੈਣ ਤੇ ਹੋਰ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਹੈ।