ਇੱਕ ਡਾਲਰ ਦੇ ਬਦਲੇ ਰੁਪੱਈਆ 75 ਦੇ ਕਰੀਬ ਪਹੁੰਚ ਗਿਆ ਹੈ। ਰੁਪਏ ਦੀ ਕੀਮਤ ਘਟਦੀ ਹੈ ਤਾਂ ਦਰਾਮਦ ਬਿੱਲ ਵਧ ਜਾਂਦਾ ਹੈ ਅਤੇ ਇਸ ਨਾਲ ਵਪਾਰ ਘਾਟਾ ਵਧਦਾ ਹੈ।
ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਤੇਲ ਦੀ ਦਰਾਮਦਗੀ ਕਰਨ ਵਾਲਾ ਦੇਸ ਹੈ ਅਤੇ ਆਪਣੀ ਲੋੜ ਦਾ 60 ਫ਼ੀਸਦ ਤੇਲ ਮੱਧ-ਪੂਰਬ ਤੋਂ ਦਰਾਮਦ ਕਰਦਾ ਹੈ।
ਅਮਰੀਕੀ ਮੁਦਰਾ ਡਾਲਰ ਦੀ ਪਛਾਣ ਇੱਕ ਵਿਸ਼ਵ ਮੁਦਰਾ ਦੀ ਬਣ ਗਈ ਹੈ। ਕੌਮਾਂਤਰੀ ਵਪਾਰ ਵਿੱਚ ਡਾਲਰ ਅਤੇ ਯੂਰੋ ਕਾਫ਼ੀ ਪਸੰਦੀਦਾ ਅਤੇ ਸਵੀਕਾਰਯੋਗ ਹੈ।
ਦੁਨੀਆਂ ਭਰ ਦੇ ਕੇਂਦਰੀ ਬੈਂਕਾਂ ਵਿੱਚ ਜਿਹੜਾ ਵਿਦੇਸ਼ੀ ਮੁਦਰਾ ਭੰਡਾਰ ਹੁੰਦਾ ਹੈ ਉਸ ਵਿੱਚ 64 ਫ਼ੀਸਦ ਅਮਰੀਕੀ ਡਾਲਰ ਹੁੰਦੇ ਹਨ।
ਅਜਿਹੇ ਵਿੱਚ ਡਾਲਰ ਖ਼ੁਦ ਹੀ ਇੱਕ ਗਲੋਬਲ ਮੁਦਰਾ ਬਣ ਜਾਂਦਾ ਹੈ। ਡਾਲਰ ਵਿਸ਼ਵ ਪੱਧਰ ਦੀ ਮੁਦਰਾ ਹੈ ਇਹ ਉਸਦੀ ਮਜ਼ਬੂਤੀ ਅਤੇ ਅਮਰੀਕੀ ਅਰਥਵਿਵਸਥਾ ਦੀ ਤਾਕਤ ਦਾ ਪ੍ਰਤੀਕ ਹੈ।
1944 ਵਿੱਚ ਬ੍ਰਟੇਨ ਵੁੱਡਸ ਸਮਝੌਤੇ ਤੋਂ ਬਾਅਦ ਡਾਲਰ ਦੀ ਮੌਜੂਦਾ ਮਜ਼ਬੂਤੀ ਦੀ ਸ਼ੁਰੂਆਤ ਹੋਈ ਸੀ। ਉਸ ਤੋਂ ਪਹਿਲਾਂ ਜ਼ਿਆਦਾਤਰ ਦੇਸ ਸਿਰਫ਼ ਸੋਨੇ ਨੂੰ ਚੰਗਾ ਮਾਨਕ ਮੰਨਦੇ ਸਨ।
ਉਨ੍ਹਾਂ ਦੇਸਾਂ ਦੀਆਂ ਸਰਕਾਰਾਂ ਵਾਅਦਾ ਕਰਦੀਆਂ ਸਨ ਕਿ ਉਨ੍ਹਾਂ ਦੀ ਕਰੰਸੀ ਨੂੰ ਸੋਨੇ ਦੀ ਮੰਗ ਦੇ ਮੁੱਲ ਦੇ ਆਧਾਰ ਉੱਤੇ ਤੈਅ ਕਰਾਂਗੇ।
ਨਿਊ ਹੈਂਪਸ਼ਰ ਦੇ ਬ੍ਰਟੇਨ ਵੁੱਡਸ ਵਿੱਚ ਦੁਨੀਆਂ ਦੇ ਵਿਕਸਿਤ ਦੇਸ ਮਿਲੇ ਅਤੇ ਉਨ੍ਹਾਂ ਨੇ ਅਮਰੀਕੀ ਡਾਲਰ ਦੇ ਮੁਕਾਬਲੇ ਸਾਰੀਆਂ ਕਰੰਸੀਆਂ ਦੀ ਵਟਾਂਦਰਾ ਦਰ ਨੂੰ ਤੈਅ ਕੀਤਾ।ਉਸ ਸਮੇਂ ਅਮਰੀਕਾ ਦੇ ਕੋਲ ਦੁਨੀਆਂ ਦਾ ਸਭ ਤੋਂ ਵੱਧ ਸੋਨੇ ਦਾ ਭੰਡਾਰ ਸੀ।
ਇਸ ਸਮਝੌਤੇ ਨੇ ਦੂਜੇ ਦੇਸਾਂ ਨੂੰ ਵੀ ਸੋਨੇ ਦੀ ਥਾਂ ਆਪਣੀ ਮੁਦਰਾ ਦਾ ਡਾਲਰ ਨੂੰ ਸਮਰਥਨ ਕਰਨ ਦੀ ਇਜਾਜ਼ਤ ਦਿੱਤੀ।
1970 ਦੀ ਸ਼ੁਰੂਆਤ ਵਿੱਚ ਕਈ ਦੇਸਾਂ ਨੇ ਡਾਲਰ ਦੇ ਬਦਲੇ ਸੋਨੇ ਦੀ ਮੰਗ ਸ਼ੁਰੂ ਕਰ ਦਿੱਤੀ ਸੀ, ਕਿਉਂਕਿ ਉਨ੍ਹਾਂ ਨੂੰ ਮੁਦਰਾ ਸਫ਼ੀਤੀ ਨਾਲ ਲੜਨ ਦੀ ਲੋੜ ਸੀ।
ਉਸ ਸਮੇਂ ਰਾਸ਼ਟਰਪਤੀ ਨਿਕਸਨ ਨੇ ਫੋਰਟ ਨੌਕਸ ਨੂੰ ਆਪਣੇ ਸਾਰੇ ਭੰਡਾਰਾਂ ਨੂੰ ਖ਼ਤਮ ਕਰਨ ਦੀ ਇਜਾਜ਼ਤ ਦੇਣ ਦੀ ਥਾਂ ਡਾਲਰ ਨੂੰ ਸੋਨੇ ਤੋਂ ਵੱਖ ਕਰ ਦਿੱਤਾ।
ਉਦੋਂ ਤੱਕ ਡਾਲਰ ਦੁਨੀਆਂ ਦੀ ਸਭ ਤੋਂ ਖ਼ਾਸ ਸੁਰੱਖਿਅਤ ਮੁਦਰਾ ਬਣ ਚੁੱਕਿਆ ਸੀ।