ਹਾਂਗਕਾਂਗ (ਜੰਗ ਬਹਾਦਰ ਸਿੰਘ)-ਸ਼ਕਤੀਸ਼ਾਲੀ ਤੂਫ਼ਾਨ ‘ਮੰਗਖੁਤ’ ਭਾਵੇਂ ਹਾਂਗਕਾਂਗ ‘ਚ ਐਤਵਾਰ ਰਾਤ ਨੂੰ ਚੀਨ ਦੀ ਤਰਫ਼ ਕੂਚ ਕਰ ਗਿਆ, ਪਰ ਇਸ ਵਲੋਂ ਮਚਾਈ ਤਬਾਹੀ ਕਾਰਨ ਸੋਮਵਾਰ ਸਵੇਰ ਤੋਂ ਹੀ ਹਾਂਗਕਾਂਗ ਵਿਚ ਹਰ ਪਾਸੇ ਅਫ਼ਰਾ-ਤਫ਼ਰੀ ਦਾ ਮਾਹੌਲ ਦਿਖਾਈ ਦਿੱਤਾ | ਤੂਫ਼ਾਨ ਕਾਰਨ 1500 ਤੋਂ ਵੱਧ ਵੱਡੇ ਦਰੱਖ਼ਤ ਨੁਕਸਾਨੇ ਗਏ ਅਤੇ ਬਹੁਤ ਸਾਰੇ ਵਾਹਨਾਂ ਦਾ ਨੁਕਸਾਨ ਹੋਇਆ | ਸੜਕਾਂ ਤੇ ਆਵਾਜਾਈ ਲਗਪਗ ਠੱਪ ਰਹੀ ਅਤੇ ਸੋਮਵਾਰ ਸ਼ਾਮ ਤੱਕ ਬੰਦ ਪਏ 600 ਰੂਟਾਂ ਵਿਚੋਂ ਸਿਰਫ਼ 120 ਹੀ ਚਾਲੂ ਕੀਤੇ ਜਾ ਸਕੇ | ਸੜਕਾਂ ਤੇ ਆਵਾਜਾਈ ਬਹਾਲ ਕਰਨ ਲਈ ਸਰਕਾਰ ਵਲੋਂ 8000 ਤੋਂ ਵੱਧ ਕਰਮਚਾਰੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਾਂ ਹਨ | ਜਦਕਿ ਸੜਕਾਂ ਤੋਂ ਦਰੱਖ਼ਤ ਹਟਾਉਣ ਦੀ ਸੇਵਾ ਵਿਚ ਪੰਜਾਬੀ ਭਾਈਚਾਰੇ ਵਲੋਂ ਖ਼ਾਲਸਾ ਦਿਵਾਨ ਦੇ ਝੰਡੇ ਥੱਲੇ ਕੇਅਰਿੰਗ ਫਾਰ ਐਥਨਿਕ ਮਾਈਨਾਰਟੀ ਦੇ ਸਹਿਯੋਗ ਨਾਲ ਅਹਿਮ ਯੋਗਦਾਨ ਪਾਇਆ ਗਿਆ | ਭਾਰੀ ਮੁਸ਼ਕਤ ਤੋਂ ਬਾਅਦ ਦੇਰ ਸ਼ਾਮ ਤੱਕ ਰੇਲ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਕੀਤੀਆਂ ਗਈਆਂ | ਹਵਾਈ ਅੱਡੇ ਤੋਂ ਕਰੀਬ 900 ਉਡਾਨਾਂ ਬਹਾਲ ਕੀਤੀਆਂ ਗਈਆਂ ਪਰ ਹਾਲੇ ਵੀ ਬਹੁਤੀਆਂ ਵਿਚ ਦੇਰੀ ਕਾਰਨ ਮੁਸਾਫਿਰ ਫਸੇ ਹੋਏ ਹਨ | 9 ਥਾਵਾਂ ‘ਤੇ ਭਾਰੀ ਹੜ੍ਹ ਨਾਲ ਹੋਈ ਤਬਾਹੀ ਦੀਆਂ ਖ਼ਬਰਾਂ ਹਨ ਜਦਕਿ 500 ਤੋਂ ਵੱਧ ਦਫ਼ਤਰਾਂ ਅਤੇ ਘਰਾਂ ਦੀਆਂ ਖਿੜਕੀਆਂ ਨੁਕਸਾਨੇ ਜਾਣ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ | ਤੂਫ਼ਾਨ ਤੋਂ ਪ੍ਰਭਾਵਿਤ 394 ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ |