ਹਾਂਗਕਾਂਗ: ਉਭਰਦੀ ਟੈਨਿਸ ਖਿਡਾਰਨ ਕਰਮਨ ਕੌਰ ਥਾਂਦੀ ਦਾ ਮੰਨਣਾ ਹੈ ਕਿ 25 ਹਜ਼ਾਰ ਡਾਲਰ ਇਨਾਮੀ ਰਾਸ਼ੀ ਵਾਲਾ ਹਾਂਗਕਾਂਗ ਟੂਰਨਾਮੈਂਟ ਜਿੱਤਣ ਨਾਲ ਏਸ਼ਿਆਈ ਖੇਡਾਂ ਲਈ ਉਹਦਾ ਹੌਸਲਾ ਵਧਿਆ ਹੈ। ਇੰਡੋਨੇਸ਼ੀਆ ਵਿੱਚ 18 ਅਗਸਤ ਤੋਂ ਹੋਣ ਵਾਲੀਆਂ ਏਸ਼ਿਆਈ ਖੇਡਾਂ ’ਚ ਕਰਮਨ ਸਿੰਗਲਜ਼ ਵਰਗ ਵਿੱਚ ਹਿੱਸਾ ਲਏਗੀ। ਦਿੱਲੀ ਦੀ ਇਸ ਖਿਡਾਰਨ ਨੇ ਪਿਛਲੇ ਸਾਲ ਫਾਈਨਲ ਵਿੱਚ ਜ਼ਿਆ ਜਿੰਗ ਲਿਊ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਹਾਂਗਕਾਂਗ ਟੂਰਨਾਮੈਂਟ ਦੇ ਰੂਪ ਵਿੱਚ ਆਪਣੇ ਕਰੀਅਰ ਦਾ ਪਹਿਲਾ ਸਿੰਗਲਜ਼ ਆਈਟੀਐਫ ਪ੍ਰੋ ਸਕਰਿਟ ਖ਼ਿਤਾਬ ਜਿੱਤਿਆ ਸੀ।
ਵੀਹ ਸਾਲਾ ਇਸ ਉਭਰਦੀ ਖਿਡਾਰਨ ਨੇ ਇਸ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ’ਚ ਕਿਹਾ, ‘ਯਕੀਨੀ ਤੌਰ ’ਤੇ 25 ਹਜ਼ਾਰ ਡਾਲਰ ਇਨਾਮੀ ਹਾਂਗਕਾਂਗ ਟੂਰਨਾਮੈਂਟ ਦਾ ਖ਼ਿਤਾਬ ਜਿੱਤਣ ਤੇ ਪੂਰੇ ਟੂਰਨਾਮੈਂਟ ਦੌਰਾਨ ਸਿਖਰਲੇ ਦੋ ਸੌ ਵਿੱਚ ਸ਼ਾਮਲ ਖਿਡਾਰੀਆਂ ਖ਼ਿਲਾਫ਼ ਇਕ ਵੀ ਸੈੱਟ ਨਾ ਗੁਆਉਣ ਸਦਕਾ ਮੈਨੂੰ ਹੱਲਾਸ਼ੇਰੀ ਮਿਲੇਗੀ। ਮੈਨੂੰ ਹੁਣ ਅਜਿਹਾ ਲਗਦਾ ਹੈ ਕਿ ਮੈਂ ਉਨ੍ਹਾਂ ’ਚ ਸ਼ਾਮਲ ਹੋਣ ਦੀ ਹੱਕਦਾਰ ਹਾਂ ਤੇ ਮੈਂ ਅਜਿਹਾ ਕਰ ਸਕਦੀ ਹਾਂ।’ ਕਰਮਨ ਹਾਲਾਂਕਿ ਇਹ ਗੱਲ ਵੀ ਮੰਨਦੀ ਹੈ ਕਿ ਜੇਕਰ ਸਿਖਰਲੇ 100 ਵਿੱਚ ਸ਼ਾਮਲ ਸਾਰੇ 10 ਏਸ਼ਿਆਈ ਖਿਡਾਰੀ ਇਨ੍ਹਾਂ ਮਹਾਂਦੀਪੀ ਖੇਡਾਂ ਵਿੱਚ ਖੇਡਣ ਦਾ ਫ਼ੈਸਲਾ ਕਰਦੇ ਹਨ, ਤਾਂ ਇਹ ਵੱਡੀ ਚੁਣੌਤੀ ਹੋਵੇਗੀ।’ ਵਿਸ਼ਵ ਦੀ 216ਵੇਂ ਨੰਬਰ ਦੀ ਖਿਡਾਰਨ ਕਰਮਨ ਨੇ ਕਿਹਾ, ‘ਹਾਂ ਮੈਂ ਏਸ਼ਿਆਈ ਖੇਡਾਂ ’ਚ ਸਿੰਗਲਜ਼ ਮੁਕਾਬਲੇ ਖੇਡਾਂਗੀ ਤੇ ਮੈਂ ਮੁਲਕ ਲਈ ਤਗ਼ਮਾ ਜਿੱਤਣ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੀ।’
ਦਿੱਲੀ ਦੀ ਇਸ ਯੁਵਾ ਖਿਡਾਰਨ ਨੂੰ ਹਾਲਾਂਕਿ ਮੁਕਾਬਲੇ ’ਚ ਆਪਣੀਆਂ ਸੰਭਾਵਨਾਵਾਂ ਨੂੰ ਲੈ ਕੇ ਬੇਯਕੀਨੀ ਹੈ। ਵਿਰਾਟ ਕੋਹਲੀ ਫਾਊਂਡੇਸ਼ਨ ਵੱਲੋਂ ਹਮਾਇਤ ਹਾਸਲ ਕਰਮਨ ਆਪਣੇ ਪਹਿਲੇ ਡਬਲਿਊਟੀਏ ਟੂਰਨਾਮੈਂਟ ’ਚ ਸ਼ਨਿੱਚਰਵਾਰ ਤੋਂ ਖੇਡੇਗੀ, ਜਿਸ ਮਗਰੋਂ ਉਹ ਏਸ਼ਿਆਈ ਖੇਡਾਂ ਦੀ ਤਿਆਰੀ ਸ਼ੁਰੂ ਕਰੇਗੀ।
-ਪੀਟੀਆਈ