ਨਵੀਂ ਦਿੱਲੀ — ਭਗੌੜੇ ਨੀਰਵ ਮੋਦੀ ਅਤੇ ਉਸਦੇ ਮਾਮਾ ਮੇਹੁਲ ਚੌਕਸੀ ਨੂੰ ਸਾਰੀਆਂ ਜਾਂਚ ਏਜੰਸੀਆਂ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਦੌਰਾਨ ਖਬਰ ਆ ਰਹੀ ਹੈ ਕਿ ਪੀ.ਐੱਨ.ਬੀ. ਧੋਖਾਧੜੀ ‘ਚ ਸਹਿਯੋਗ ਕਰਨ ਵਾਲੇ ਉਸਦੇ 8 ਨਜ਼ਦੀਕੀ ਸਾਥੀ ਦੇਸ਼ ਛੱਡ ਕੇ ਭੱਜ ਗਏ ਹਨ।
ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਘੁੰਮ ਰਹੇ : ਈ.ਡੀ. ਦੇ ਉੱਚ ਪੱਧਰੀ ਸੂਤਰਾਂ ਨੇ ਦੱਸਿਆ ਕਿ 13,700 ਕਰੋੜ ਰੁਪਏ ਦੇ ਘਪਲੇ ਨਾਲ ਜੁੜੇ ਨੀਰਵ ਮੋਦੀ ਦੇ ਘੱਟੋ-ਘੱਟ 8 ਸਾਥੀ ਭਾਰਤੀ ਪਾਸਪੋਰਟ ‘ਤੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਘੁੰਮ ਰਹੇ ਹਨ। ਉਹ ਜਿਸ ਤਰ੍ਹਾਂ ਈ.ਡੀ. ਨੂੰ ਚਕਮਾ ਦੇ ਰਹੇ ਹਨ ਉਸ ਨਾਲ ਉਨ੍ਹਾਂ ਨੂੰ ਭਗੌੜਾ ਹੀ ਕਿਹਾ ਜਾ ਸਕਦਾ ਹੈ।
ਅੱਠ ਭਾਰਤੀ ਨਾਗਰਿਕਾਂ ਨੂੰ ਭੇਜਿਆ ਸੰਮਨ : ਮੁੰਬਈ ਦੇ ਖੇਤਰੀ ਪਾਸਪੋਰਟ ਦਫਤਰ ਨੂੰ ਈ.ਡੀ. ਵਲੋਂ ਭੇਜੇ ਗਏ ਪੱਤਰ ‘ਚ ਦੱਸਿਆ ਗਿਆ ਹੈ ਕਿ ਇਹ ਅੱਠ ਭਾਰਤੀ ਨਾਗਰਿਕ ਨੀਰਵ ਦੀ ਹਾਂਗਕਾਂਗ ਅਤੇ ਦੁਬਈ ਸਥਿਤ ਕੰਪਨੀਆਂ ਦੇ ਸ਼ੇਅਰਧਾਰਕ ਜਾਂ ਨਿਰਦੇਸ਼ਕ ਹਨ।
ਜਾਂਚ ਕਰ ਰਹੇ ਸੀਨੀਅਰ ਅਧਿਕਾਰੀਆਂ ਮੁਤਾਬਕ ਇਨ੍ਹਾਂ ਸਾਥੀਆਂ ਨੂੰ ਸੰਮਨ ਭੇਜਿਆ ਗਿਆ ਹੈ ਅਤੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਉਹ ਲਗਾਤਾਰ ਚਕਮਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਈ.ਡੀ. ਸੂਤਰਾਂ ਨੇ ਕਿਹਾ ਹੈ ਕਿ ਪਾਸਪੋਰਟ ਆਫਿਸ ਨੂੰ ਇਨ੍ਹਾਂ ਸਾਰੇ ਭਗੌੜਿਆਂ ਦਾ ਵੇਰਵਾ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਦੇ ਯਾਤਰਾ ਸੰਬੰਧੀ ਦਸਤਾਵੇਜ਼ ਤੁਰੰਤ ਰੱਦ ਕੀਤੇ ਜਾ ਸਕਣ।
ਮਨੀ ਲਾਂਡਰਿੰਗ ਕਾਨੂੰਨ ਦੇ ਤਹਿਤ ਅਪਰਾਧ: ਈ.ਡੀ. ਨੇ ਪੱਤਰ ਵਿਚ ਲਿਖਿਆ ਹੈ ਕਿ ਫਰਜ਼ੀ ਐੱਲ.ਓ.ਯੂ. ਦੁਆਰਾ ਜਿਹੜੀ ਰਾਸ਼ੀ ਹਾਸਲ ਕੀਤੀ ਗਈ ਸੀ, ਉਸਨੂੰ ਹਾਂਗਕਾਂਗ ਅਤੇ ਦੁਬਈ ਦੀਆਂ ਅੱਠ ਕੰਪਨੀਆਂ ਦੁਆਰਾ ਹੋਰ ਥਾਵਾਂ ‘ਤੇ ਭੇਜਿਆ ਗਿਆ ਸੀ। ਟਰਾਂਸਜੈਕਸ਼ਨ ਦੀ ਪ੍ਰਕਿਰਿਆ ‘ਚ ਸ਼ਾਮਲ ਇਨ੍ਹਾਂ ਕੰਪਨੀਆਂ ਨੇ ਮਨੀ ਲਾਂਡਰਿੰਗ ਕਾਨੂੰਨ ਦੇ ਤਹਿਤ ਅਪਰਾਧ ਕੀਤਾ ਹੈ।
ਜਾਂਚ ਏਜੰਸੀਆਂ ਨੂੰ ਲੱਗਦਾ ਹੈ ਕਿ ਇਨ੍ਹਾਂ ਅੱਠ ਲੋਕਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਪਤਾ ਚਲ ਸਕੇਗਾ ਕਿ ਪੀ.ਐੱਨ.ਬੀ. ਧੋਖਾਧੜੀ ਤੋਂ ਹਾਸਲ ਪੈਸਾ ਕਿੱਥੇ ਅਤੇ ਕਿਵੇਂ ਗਿਆ। ਈ.ਡੀ. ਨੂੰ ਲੱਗਦਾ ਹੈ ਕਿ ਇਹ ਸਾਰੇ ਭਗੌੜੇ ਨੀਰਵ ਮੋਦੀ ਦੇ ਸੰਪਰਕ ‘ਚ ਹਨ।
ਸੀ.ਬੀ.ਆਈ. ਨੇ ਇੰਟਰਪੋਲ ਅੱਗੇ ਕੀਤੀ ਬੇਨਤੀ: ਸੀ.ਬੀ.ਆਈ. ਨੇ ਇੰਟਰਪੋਲ ਅੱਗੇ ਬੇਨਤੀ ਕੀਤੀ ਹੈ ਕਿ ਨੀਰਵ ਮੋਦੀ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਵੇ। ਈ.ਡੀ. ਨੇ ਨੀਰਵ ਮੋਦੀ ਦੀ ਹਵਾਲਗੀ ਲਈ ਮੁੰਬਈ ਦੀ ਇਕ ਕੋਰਟ ‘ਚ ਅਪੀਲ ਕੀਤੀ ਹੈ। ਪਰ ਨੀਰਵ ਮੋਦੀ,ਮੇਹੁਲ ਚੌਕਸੀ ਸਮੇਤ ਇਹ ਸਾਰੇ ਦਸ ਭਗੌੜੇ ਫਿਲਹਾਲ ਕਿਸ ਦੇਸ਼ ਵਿਚ ਹਨ ਇਸ ਬਾਰੇ ਕਿਸੇ ਨੂੰ ਨਹੀਂ ਪਤਾ।
ਇਹ ਹਨ ਦੇਸ਼ ਛੱਡ ਕੇ ਫਰਾਰ ਹੋਏ ਨੀਰਵ ਮੋਦੀ ਦੇ ਕਰੀਬੀ
1. ਸੋਨੂੰ ਸ਼ੈਲੇਸ਼ ਮਹਿਤਾ, ਔਰਾਜੈਮ ਕੰਪਨੀ ਲਿਮਿਟੇਡ
2. ਭਾਵਿਕ ਜਏਸ਼ ਸ਼ਾਹ, ਬ੍ਰੀਲੀਯੈਂਟ ਡਾਇਮੰਡ ਲਿਮਿਟੇਡ
3. ਆਸ਼ੀਸ਼ ਬਜਰੰਗਲਾਲ ਬਾਗਰੀਆ, ਈਟਰਨਲ ਡਾਇਮੰਡਸ ਕਾਰਪੋਰੇਸ਼ਨ
4. ਨੀਲੇਸ਼ ਵਾਲਜੀਭਾਈ ਖੇਤਾਨੀ, ਫੈਂਸੀ ਕ੍ਰਿਏਸ਼ਨਜ਼ ਕੰਪਨੀ ਲਿਮਿਟੇਡ
5. ਆਸ਼ੀਸ਼ ਕੁਮਾਰ ਮੋਹਨਭਾਈ ਲਾਡ, ਸਨਸ਼ਾਈਨ ਜੇਮਜ਼ ਲਿਮਿਟੇਡ
6. ਜਯੋਤੀ ਸੰਦੀਪ ਮਿਸਤਰੀ, ਡੀ.ਜੀ. ਬ੍ਰਦਰਜ਼ ਐਫ.ਜੈੱਡ.ਈ
7. ਜਿਗਨੇਸ਼ ਕਿਰਨ ਕੁਮਾਰ ਸ਼ਾਹ, ਪੈਸਿਫਿਕ ਡਾਇਮੰਡ ਐਫ.ਜੈੱਡ.ਈ.
8. ਸੰਦੀਪ ਭਾਰਤ ਮਿਸਤਰੀ, ਵਰਲਡ ਡਾਇਮੰਡ ਡਿਸਟਰੀਬਿਊਸ਼ਨ ਐਫ.ਜੈੱਡ.ਈ.