ਨਵੀਂ ਦਿੱਲੀ: ਜ਼ਿਮਨੀ ਚੋਣਾਂ ਦੇ ਨਤੀਜੇ ਬੀਜੇਪੀ ਲਈ ਕਦੀ ਵੀ ਵਧੀਆ ਨਹੀਂ ਸੀ ਪਰ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਚਾਰ ਲੋਕ ਸਭਾ ਸੀਟਾਂ ਦੇ ਚੋਣਾਂ ਦੇ ਨਤੀਜੇ ਆਏ ਜਿਸ ਨੂੰ ਵੇਖ ਕੇ ਬੀਜੇਪੀ ਦੀ ਮੁਸ਼ਕਲ ਜ਼ਰਾ ਵਧ ਗਈ ਜਾਪ ਰਹੀ ਹੈ। 2014 ਤੋਂ ਲੈ ਕੇ ਹੁਣ ਤਕ 27 ਲੋਕ ਸਭਾ ਸੀਟਾਂ ’ਤੇ ਚੋਣਾਂ ਹੋਈਆਂ ਜਿਨ੍ਹਾਂ ਵਿੱਚੋਂ ਬੀਜੇਪੀ ਮਹਿਜ਼ 4 ਸੀਟਾਂ ਹੀ ਜਿੱਤ ਸਕੀ ਜਦਕਿ ਕਾਂਗਰਸ ਦੇ ਹੱਥ ਸਭ ਤੋਂ ਜ਼ਿਆਦਾ 6 ਸੀਟਾਂ ਲੱਗੀਆਂ। ਇਸ ਦੇ ਬਾਅਦ ਤ੍ਰਿਣਮੂਲ ਕਾਂਗਰਸ 4 ਸੀਟਾਂ ਜਿੱਤਣ ਵਿੱਚ ਸਫ਼ਲ ਰਹੀ।
ਅੱਜ ਦੇ ਚੋਣ ਨਤੀਜਿਆਂ ਵਿੱਚ ਬੀਜੇਪੀ ਨੂੰ ਵੱਡਾ ਝਟਕਾ
ਅੱਜ 4 ਲੋਕ ਸਭਾ ਸੀਟਾਂ ਦੀਆਂ ਉਪ ਚੋਣਾਂ ਦੇ ਨਤੀਜੇ ਵਿੱਚ ਵੀ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ। 2014 ਵਿੱਚ ਭਾਰੀ ਬਹੁਮਤ ਨਾਲ ਜਿੱਤੀ ਯੂਪੀ ਦੀ ਕੈਰਾਨਾ ਸੀਟ ਇਸ ਦੇ ਹੱਥੋਂ ਨਿਕਲ ਗਈ। ਇਸ ਸੀਟ ’ਤੇ ਆਰਐਲਡੀ ਦੇ ਉਮੀਦਵਾਰ ਨੂੰ ਜਿੱਤ ਮਿਲੀ। ਮਹਾਰਾਸ਼ਟਰ ਦੀ ਭੰਡਾਰਾ-ਗੋਂਦੀਆ ਸੀਟ ’ਤੇ ਐਨਸੀਪੀ ਦੇ ਉਮੀਦਵਾਰ ਦੀ ਜਿੱਤ ਹੋਈ। ਬੀਜੇਪੀ ਨੂੰ ਮਹਾਰਾਸ਼ਟਰ ਦੀ ਪਾਲਘਰ ਸੀਟ ਤੋਂ ਰਾਹਤ ਮਿਲੀ ਜਿੱਥੇ ਬੀਜੇਪੀ ਦਾ ਉਮੀਦਵਾਰ ਸ਼ਿਵਸੈਨਾ ਨੂੰ ਹਰਾਉਣ ’ਚ ਕਾਮਯਾਬ ਰਿਹਾ। ਇਸ ਦੇ ਇਲਾਵਾ ਨਾਗਾਲੈਂਡ ਸੀਟ ’ਤੇ ਵੀ ਬੀਜੇਪੀ ਸਮਰਥਨ ਵਾਲੀ ਐਨਡੀਪੀ ਦੇ ਉਮੀਦਵਾਰ ਦੀ ਜਿੱਤ ਹੋਈ।
2014 ਦੇ ਚੋਣ ਨਤੀਜੇ
2014 ਵਿੱਚ ਜਦ ਲੋਕ ਸਭਾ ਚੋਣਾਂ ਹੋਈਆਂ ਸਨ ਤਾਂ ਇਨ੍ਹਾਂ 27 ਸੀਟਾਂ ’ਚੋਂ ਬੀਜੇਪੀ ਦੇ ਹਿੱਸੇ 12 ਸੀਟਾਂ ਆਈਆਂ ਸੀ ਪਰ ਉਪ ਚੋਣਾਂ ਵਿੱਚ ਬੀਜੇਪੀ ਦੇ ਹੱਥੋਂ 7 ਸੀਟਾਂ ਨਿਕਲ ਗਈਆਂ ਤੇ ਉਹ ਮਹਿਜ਼ 5 ਸੀਟਾਂ ਹੀ ਬਚਾ ਸਕੀ ਸੀ।
2015 ’ਚ ਮਿਲੀ ਕੋਰੀ ਹਾਰ, ਇੱਕ ਵੀ ਸੀਟ ਨਹੀਂ ਲੱਗੀ ਹੱਥ
2015 ਵਿੱਚ ਬੀਜੇਪੀ ਨੂੰ ਲੋਕ ਸਭਾ ਉਪਚੋਣਾਂ ਵਿੱਚ ਝਟਕੇ ਲੱਗਣ ਦੀ ਸ਼ੁਰੂਆਤ ਹੋਈ ਸੀ ਜਦੋਂ ਬੀਜੇਪੀ ਦੇ ਹੱਥ ਇੱਕ ਵੀ ਸੀਟ ਨਹੀਂ ਲੱਗੀ ਤੇ ਉਹ ਸਾਰੀਆਂ ਲੋਕ ਸਭਾ ਸੀਟਾਂ ਤੋਂ ਹਾਰ ਗਈ।
2017 ਦੀਆਂ ਵੀ ਬੁਰੀਆਂ ਸਾਬਤ ਹੋਈਆਂ ਲੋਕ ਸਭਾ ਉਪ ਚੋਣਾਂ
ਸਾਲ 2017 ਵਿੱਚ ਹੋਈਆਂ ਉਪ ਚੋਣਾਂ ਬੀਜੇਪੀ ਲਈ ਸਭ ਤੋਂ ਜ਼ਿਆਦਾ ਖ਼ਰਾਬ ਸਾਬਤ ਹੋਈਆਂ। ਇਸ ਵਿੱਚ ਬੀਜੇਪੀ ਨੂੰ ਪੰਜਾਬ ਦੀ ਅੰਮ੍ਰਿਤਸਰ ਤੇ ਗੁਰਦਾਸਪੁਰ ਸੀਟ ’ਤੇ ਹੋਈਆਂ ਚੋਣਾਂ ਵਿੱਚ ਕਾਂਗਰਸ ਹੱਥੋਂ ਕਰਾਰੀ ਮਾਤ ਪਈ। ਇਸ ਤੋਂ ਪਹਿਲਾਂ ਗੁਰਦਾਸਪੁਰ ਸੀਟ ’ਤੇ 4 ਵਾਰ ਬੀਜੇਪੀ ਦੀ ਜਿੱਤ ਹੋਈ ਸੀ। ਇਸ ਦੇ ਇਲਾਵਾ ਕੇਰਲ ਦੀ ਮਲਾਪੁਰਮ ਤੇ ਸ੍ਰੀਨਗਰ ਦੀ ਸੀਟ ਤੋਂ ਵੀ ਬੀਜੇਪੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।