ਚੰਡੀਗੜ੍ਹ – ਪੰਜਾਬ ਸਰਕਾਰ ਛੇਤੀ ਹੀ ਰਾਜ ਵਿਚ ਬੱਸਾਂ ਦੇ ਕਿਰਾਏ ‘ਚ ਵਾਧਾ ਕਰਨ ਦੀ ਤਿਆਰੀ ‘ਚ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਾਹਕੋਟ ਉਪ-ਚੋਣ ਦੀ ਸਮਾਪਤੀ ਤੋਂ ਬਾਅਦ ਅਗਲੇ ਹਫ਼ਤੇ ਦੌਰਾਨ ਇਸ ਬਾਰੇ ਰਸਮੀ ਫੈਸਲਾ ਲਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ 3 ਮਹੀਨੇ ਪਹਿਲਾਂ ਵੀ ਰਾਜ ਸਰਕਾਰ ਬੱਸਾਂ ਦੇ ਕਿਰਾਏ ‘ਚ 2 ਪੈਸੇ ਪ੍ਰਤੀ ਕਿਲੋਮੀਟਰ ਵਾਧਾ ਕਰ ਚੁੱਕੀ ਹੈ। ਹਰ ਤਿੰਨ ਮਹੀਨੇ ਬਾਅਦ ਸਥਿਤੀਆਂ ਅਨੁਸਾਰ ਕਿਰਾਇਆ ਵਧਾਉਣ-ਘਟਾਉਣ ਦੀ ਸਰਕਾਰੀ ਨੀਤੀ ਵੀ ਹੈ ਅਤੇ ਹੁਣ ਡੀਜ਼ਲ ਕੀਮਤਾਂ ‘ਚ ਵਾਧੇ ਦੇ ਮੱਦੇਨਜ਼ਰ ਰਾਜ ਸਰਕਾਰ ਕਿਰਾਏ ‘ਚ ਵਾਧਾ ਕਰਨ ਬਾਰੇ ਵਿਚਾਰ ਕਰ ਰਹੀ ਹੈ।
ਟ੍ਰਾਂਸਪੋਰਟ ਵਿਭਾਗ ਦੇ ਸੂਤਰਾਂ ਅਨੁਸਾਰ ਇਸ ਵਾਰ 4 ਤੋਂ 6 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਬੱਸ ਕਿਰਾਏ ‘ਚ ਵਾਧਾ ਕੀਤਾ ਜਾ ਸਕਦਾ ਹੈ। ਜਿੱਥੇ ਪੀ. ਆਰ. ਟੀ. ਸੀ. ਮੈਨੇਜਮੈਂਟ ਵੱਲੋਂ ਵੀ ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਕਾਰਨ ਸਰਕਾਰ ਤੋਂ ਕਿਰਾਏ ‘ਚ ਵਾਧੇ ਦੀ ਮੰਗ ਕੀਤੀ ਗਈ ਹੈ, ਉਥੇ ਹੀ ਪ੍ਰਾਈਵੇਟ ਟ੍ਰਾਂਸਪੋਰਟਰਾਂ ਦਾ ਵੀ ਕਿਰਾਇਆ ਵਧਾਉਣ ਲਈ ਦਬਾਅ ਹੈ। ਭਾਵੇਂ ਵਿਭਾਗ ਦੇ ਸਕੱਤਰ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਹਾਲੇ ਕਿਰਾਏ ਵਧਾਉਣ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਪਰ ਦੂਜੇ ਪਾਸੇ ਪੀ. ਆਰ. ਟੀ. ਸੀ. ਦੇ ਐੱਮ. ਡੀ. ਮਨਜੀਤ ਸਿੰਘ ਨਾਰੰਗ ਨੇ ਮੰਨਿਆ ਹੈ ਕਿ ਉਨ੍ਹਾਂ ਵੱਲੋਂ ਡੀਜ਼ਲ ਕੀਮਤਾਂ ‘ਚ ਵਾਧੇ ਕਾਰਨ ਵਧੇ ਖਰਚਿਆਂ ਕਾਰਨ ਬੱਸ ਕਿਰਾਏ ‘ਚ 6 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਇਆ ਵਧਾਉਣ ਦਾ ਸਰਕਾਰ ਨੂੰ ਪਰਪੋਜ਼ਲ ਦਿੱਤਾ ਗਿਆ ਹੈ ਅਤੇ ਹੁਣ ਸਰਕਾਰ ਦੇ ਫੈਸਲੇ ਦਾ ਇੰਤਜ਼ਾਰ ਹੈ।