ਏਅਰ ਇੰਡੀਆ ਦੇ ਠੱਪ ਹੋ ਜਾਣ ਦਾ ਖ਼ਤਰਾ

0
258

ਨਵੀਂ ਦਿੱਲੀ: ਜਨਤਕ ਖੇਤਰ ਦੀ ਇਕਲੌਤੀ ਭਾਰਤੀ ਏਅਰਲਾਈਨ, ਏਅਰ ਇੰਡੀਆ ਦੇ ਠੱਪ ਹੋ ਜਾਣ ਦਾ ਖ਼ਤਰਾ ਆਣ ਪਿਆ ਹੈ। ਪਹਿਲਾਂ ਤੋਂ ਹੀ ਘਾਟੇ ਵਿੱਚ ਚੱਲ ਰਹੀ ਏਅਰ ਇੰਡੀਆ ਦੇ ਅੱਧ ਤੋਂ ਜ਼ਿਆਦਾ ਹਿੱਸਾ ਵੇਚਣ ਲਈ ਸਰਕਾਰ ਦੇ ਉਪਰਾਲਾ ਵੀ ਪੂਰਾ ਨਹੀਂ ਪੈ ਰਿਹਾ ਲੱਗਦਾ। ਨਿਵੇਸ਼ ਲਈ ਰੁਚੀ ਦੇ ਪ੍ਰਗਟਾਵੇ ਦੀਆਂ ਜੋ ਸ਼ਰਤਾਂ ਹਨ, ਉਨ੍ਹਾਂ ਕਰ ਕੇ ਕੋਈ ਨਿਵੇਸ਼ਕ ਇਸਸ ਵੱਲ ਮੂੰਹ ਨਹੀਂ ਕਰ ਰਿਹਾ।
ਹਵਾਬਾਜ਼ੀ ਸਲਾਹਕਾਰ ਫਰਮ ਸੀਏਪੀਏ ਇੰਡੀਆ ਮੁਤਾਬਕ ਨਿਵੇਸ਼ ਪ੍ਰਕਿਰਿਆ ਦੀ ਸਫਲਤਾ ਲਈ ਕੇਂਦਰ ਸਰਕਾਰ ਦੇ ਸਾਹਮਣੇ ਮਿਹਨਤ ਤੇ ਕਰਜ਼ ਦੀਆਂ ਦਿਸ਼ਾਵਾਂ ਵਿੱਚ ਸੁਧਾਰ ਹੋਣ ਦੀ ਗੁੰਜਾਇਸ਼ ਘੱਟ ਹੀ ਜਾਪਦੀ ਹੈ। ਸੀਏਪੀਏ ਨੇ ਟਵੀਟ ਰਾਹੀਂ ਏਅਰ ਇੰਡੀਆ ਵਿੱਚ ਨਿਵੇਸ਼ ਕਰਨ ਦੇ ਰਸਤੇ ਆਉਣ ਵਾਲੀਆਂ ਅੜਿੱਚਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੋ ਵੀ ਸਫ਼ਲ ਬੋਲੀਕਰਤਾ ਹੋਵੇਗਾ, ਉਸ ਨੂੰ ਨਵੀਆਂ ਤਬਦੀਲੀਆਂ ‘ਤੇ ਪੈਸਾ ਖਰਚਣ ਦੇ ਨਾਲ-ਨਾਲ ਕਈ ਸਾਲਾਂ ਦਾ ਘਾਟਾ ਵੀ ਝੱਲ੍ਹਣਾ ਪਵੇਗਾ।
ਇਸ ਦੇ ਬਾਵਜੂਦ ਵੀ ਸਫਲ ਬੋਲੀਕਰਤਾ ਨੂੰ ਮੁਨਾਫੇ ਦੀ ਗਾਰੰਟੀ ਨਹੀਂ ਹੈ। ਇਸ ਤੋਂ ਇਲਾਵਾ ਉਸ ਨੂੰ ਭਵਿੱਖ ਵਿੱਚ ਹੋਣ ਵਾਲੇ ਸਿਆਸੀ ਖ਼ਤਰਿਆਂ ਤੋਂ ਬਚਾਅ ਦੀ ਵੀ ਸਿਰਦਰਦੀ ਰਹੇਗੀ।
ਸਰਕਾਰ ਨੇ ਨਿਵੇਸ਼ ਲਈ ਦਿਲਚਸਪੀ ਪੱਤਰ ਭੇਜਣ ਦੀ ਤਾਰੀਖ ਵਧਾ ਕੇ 31 ਮਈ ਕਰ ਦਿੱਤੀ ਹੈ। ਸਰਕਾਰ ਨੇ ਬੀਤੀ ਮਾਰਚ ਦੌਰਾਨ ਏਅਰ ਇੰਡੀਆ ਵਿੱਚ 76 ਫ਼ੀਸਦੀ ਦੀ ਹਿੱਸੇਦਾਰੀ ਵੇਚਣ ਤੇ ਪ੍ਰਬੰਧਨ ਦੀ ਸਾਰੀ ਜ਼ਿੰਮੇਵਾਰੀ ਨਿਜੀ ਕੰਪਨੀਆਂ ਨੂੰ ਦੇਣ ਦਾ ਐਲਾਨ ਕੀਤਾ ਸੀ। ਮੁਨਾਫੇ ਵਿੱਚ ਚੱਲ ਰਹੀ ਏਅਰ ਇੰਡੀਆ ਐਕਸਪ੍ਰੈਸ ਤੇ ਸਾਂਝੇ ਉੱਦਮ ਵਾਲੀ ਏਆਈਐਸਏਟੀਐਸ ਵੀ ਨਿਵੇਸ਼ ਪ੍ਰਕਿਰਿਆ ਦਾ ਹਿੱਸਾ ਹੋਣਗੀਆਂ। ਹੁਣ ਦੇਖਣਾ ਹੋਵੇਗਾ ਕਿ ਏਅਰ ਇੰਡੀਆ ਦਾ ਅੰਜਾਮ ਕੀ ਹੋਵੇਗਾ।