ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਾਰੇ ਖ਼ਪਤਕਾਰਾਂ ਲਈ ਬਿਜਲੀ ਦੀਆਂ ਨਵੀਆਂ ਦਰਾਂ ਦਾ ਐਲਾਨ ਕਰ ਦਿੱਤਾ ਹੈ। ਸਾਰੀਆਂ ਸ਼੍ਰੇਣੀਆਂ ਵਿੱਚ ਬਿਜਲੀ ਦਰ ਨੂੰ 2.2 ਫ਼ੀਸਦ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਿਮਨ ਤੇ ਮੱਧ ਬਿਜਲੀ ਖਪਤ ਵਾਲੀਆਂ ਸਨਅਤਾਂ ਲਈ ਵੀ ਨਵੀਆਂ ਦਰਾਂ ਦਾ ਐਲਾਨ ਹੋ ਗਿਆ ਹੈ।
ਹੁਕਮਾਂ ਮੁਤਾਬਕ ਜੇਕਰ ਇਹ ਸਨਅਤਾਂ ਰਾਤ ਨੂੰ ਚਾਲੂ ਰਹਿੰਦੀਆਂ ਹਨ ਤਾਂ ਇਨ੍ਹਾਂ ਨੂੰ ਸਥਾਈ ਕਿਰਾਏ ਦਾ ਅੱਧ ਹੀ ਅਦਾ ਕਰਨਾ ਹੋਵੇਗਾ। ਇਸ ਦੇ ਨਾਲ ਇਨ੍ਹਾਂ ਲਈ ਨਵੀਂ ਬਿਜਲੀ ਦਰ ਚਾਰ ਰੁਪਏ ਅਠਾਈ ਪੈਸੇ ਪ੍ਰਤੀ ਯੂਨਿਟ ਰੱਖੀ ਗਈ ਹੈ। ਇਹ ਵਿਸ਼ੇਸ਼ ਸੁਵਿਧਾ ਰਾਤ ਨੂੰ ਬਿਜਲੀ ਵਰਤਣ ਵਾਲੇ ਕਾਰਖਾਨਿਆਂ ਲਈ ਹੀ ਹੋਣਗੀਆਂ।
ਆਮ ਲੋਕਾਂ ਲਈ ਬਿਜਲੀ ਦਰ ਵਿੱਚ ਬਾਰਾਂ ਪੈਸੇ ਤੋਂ ਲੈ ਕੇ ਚੌਦਾਂ ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਹਿੰਗੀ ਹੋ ਗਈ ਹੈ। ਹਾਲਾਂਕਿ, ਗ਼ੈਰ ਸਨਅਤੀ ਤੇ ਵਪਾਰਕ ਖਪਤਕਾਰਾਂ ਲਈ ਦੋ ਪੈਸੇ ਤੋਂ ਲੈ ਕੇ ਪੰਜ ਪੈਸੇ ਪ੍ਰਤੀ ਯੂਨਿਟ ਬਿਜਲੀ ਦੀ ਕੀਮਤ ਵਧੀ ਹੈ।