ਕਿਸ ਨੇ ਕੀਤਾ ਪੰਜਾਬੀ ਦਾ ਸੱਤਿਆਨਾਸ?

0
593
ਚੰਡੀਗੜ੍ਹ: “ਪੰਜਾਬੀ ਪ੍ਰੋਫੈਸਰਾਂ, ਅਲੋਚਕਾਂ ਤੇ ਪੰਜਾਬੀ ਅਖ਼ਬਾਰਾਂ ਨੇ ਮਾਂ ਬੋਲੀ ਦਾ ਸੱਤਿਆਨਸ ਕੀਤਾ ਹੈ। ਇਹ ਮਾਂ ਬੋਲੀ ਦੀ ਠੇਠਤਾ ਬਰਕਰਾਰ ਨਹੀਂ ਰੱਖ ਸਕੇ। ਇਨ੍ਹਾਂ ਨੂੰ ਇਸ ਲਈ ਸੁਹਿਰਦ ਹੋਣ ਦੀ ਲੋੜ ਹੈ।” ਪ੍ਰਸਿੱਧ ਪੰਜਾਬੀ ਕਵੀ ਅਮਰਜੀਤ ਚੰਦਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਂਝੇ ਪੰਜਾਬ (ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ) ਵਾਲੀ ਪੰਜਾਬੀ ਕੌਮ ਨੂੰ ਬਚਾਉਣ ਦੀ ਲੋੜ ਹੈ ਤਾਂ ਹੀ ਪੰਜਾਬ ਬਚ ਸਕਦਾ ਹੈ। ਉਨ੍ਹਾਂ ਕਿਹਾ ਇਧਰਲੇ ਪੰਜਾਬੀ ਦਿੱਲੀ ਤੋਂ ਡਰਦੇ ਪੰਜਾਬੀ ਕੌਮ ਦੀ ਗੱਲ ਨਹੀਂ ਕਰਦੇ ਤੇ ਓਧਰਲੇ ਪੰਜਾਬੀ ਪਾਕਿਸਤਾਨ ਤੋਂ ਡਰਦੇ ਪੰਜਾਬੀ ਕੌਮ ਦੀ ਗੱਲ ਨਹੀਂ ਕਰਦੇ। ਉਨ੍ਹਾਂ ਕਿਹਾ, “ਬਹੁਤ ਜ਼ਰੂਰੀ ਹੈ ਕਿ ਅਸੀਂ ਪੰਜਾਬੀ ਕੌਮ ਦੇ ਮਸਲੇ ਨੂੰ ਉਭਾਰੀਏ।”
       ਉਨ੍ਹਾਂ ਕਿਹਾ ਕਿ ਗੁੱਸੇ ‘ਚ ਕਵਿਤਾ ਲਿਖੀ ਜਾ ਸਕਦੀ ਹੈ ਪਰ ਕਵਿਤਾ ਤੇ ਗੁੱਸੇ ਦਾ ਕੋਈ ਸਹਿਜ ਰਿਸ਼ਤਾ ਨਹੀਂ। ਗੁੱਸੇ ‘ਚ ਕੋਈ ਚੰਗੀ ਕਵਿਤਾ ਨਹੀਂ ਰਚੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪ੍ਰਗਤੀਵਾਦ ਤੇ ਨਕਸਲੀ ਲਹਿਰ ਨੇ ਪੰਜਾਬੀ ਕਵਿਤਾ ਦਾ ਵੱਡਾ ਨੁਕਸਾਨ ਕੀਤਾ ਹੈ। ਚੰਦਨ ਨੇ ਕਿਹਾ, “ਪਰਵਾਸ ਇੱਕ ਰੋਗ ਦੀ ਤਰ੍ਹਾਂ ਹੈ ਤੇ ਮੈਂ ਇਸ ਰੋਗ ਨੂੰ ਜਿਉਂ ਰਿਹਾ ਹਾਂ।” ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਵਾਸ ਦਾ ਮਤਲਬ ਪਾਸਪੋਰਟ ਵਾਲਾ ਪ੍ਰਵਾਸ ਨਹੀਂ ਸੀ। ਉਹ ਹੋਰ ਅਵਸਥਾ ਸੀ।
         ਉਨ੍ਹਾਂ ਕਿਹਾ ਕਿ ਮਾਓ ਦੀ ਸੱਤਾ ਬੰਦੂਕ ਦੀ ਨਲੀ ‘ਚੋਂ ਨਿਕਲਣ ਵਾਲੀ ਗੱਲ ਗਲਤ ਹੈ ਕਿਉਂਕਿ ਹਿੰਸਾ ਨਾਲ ਵਾਪਰੇ ਇਨਕਲਾਬ ਲੰਮਾ ਸਮਾਂ ਨਹੀਂ ਟਿਕ ਸਕਦੇ। ਉਨ੍ਹਾਂ ਕਿਹਾ ਕਿ ਕੋਈ ਵੀ ਹਿੰਸਾ ਮਸਲੇ ਦਾ ਅਸਲ ਹੱਲ ਨਹੀਂ। ਹਮੇਸ਼ਾਂ ਸਹਿਜਤਾ ਨਾਲ ਬਣੀਆਂ ਚੀਜ਼ਾਂ ਹੀ ਟਿਕੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ, “ਪੰਜਾਬੀ ਸਾਹਿਤਕਾਰ ਕੁੱਕੜਾਂ ਦੇ ਖੁੱਡੇ ‘ਚ ਵੜੇ ਹਨ ਤੇ ਮੈਂ ਇਸ ਖੁੱਡੇ ‘ਚੋਂ ਬਾਹਰ ਹਾਂ। ਸ਼ਾਇਦ ਇਸੇ ਲਈ ਹੀ ਚੰਗਾ ਕੰਮ ਕਰ ਸਕਿਆ ਹਾਂ।” ਉਨ੍ਹਾਂ ਕਿਹਾ ਕਿ ਮੇਰੀ ਕਵਿਤਾ ‘ਤੇ ਕਿਸੇ ਵਿਚਾਰਧਾਰਾ ਦਾ ਠੱਪਾ ਨਹੀਂ।
          ਚੰਦਨ ਨੇ ਕਿਹਾ, “ਮੇਰੇ ਬਾਰੇ ਇਹ ਗਲਤ ਪ੍ਰਚਾਰ ਹੁੰਦਾ ਹੈ ਕਿ ਮੈਂ ਆਕੜਕੰਨਾ ਹਾਂ।” ਉਨ੍ਹਾਂ ਕਿਹਾ, “ਮੈਂ ਕੋਈ ਆਕੜਕੰਨਾ ਬੰਦਾ ਨਹੀਂ ਹਾਂ ਪਰ ਮੈਂ ਮੂਰਖਾਂ ਦੀ ਸੰਗਤ ਨੂੰ ਬਹੁਤਾ ਚਿਰ ਨਹੀਂ ਮਾਣ ਸਕਦਾ।” ਉਨ੍ਹਾਂ ਕਿਹਾ ਕਵਿਤਾ ਉਨ੍ਹਾਂ ਨੂੰ ਵਿਰਸੇ ‘ਚ ਮਿਲੀ ਹੈ।