ਹਰ ਮਹੀਨੇ ਵਿਧਾਨ ਸਭਾ ਦਾ ਪੰਜ ਰੋਜ਼ਾ ਇਜਲਾਸ ਹੋਵੇ, ‘ਆਪ’ ਦੀ ਮੰਗ

0
731

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਸਰਕਾਰ, ਅਫ਼ਸਰਸ਼ਾਹੀ ਤੇ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਤੇ ਕੰਮਕਾਜਾਂ ਪ੍ਰਤੀ ਜਵਾਬਦੇਹੀ ਲਈ ਪੂਰਾ ਸਾਲ ਹਰ ਮਹੀਨੇ ਪੰਜ ਦਿਨਾਂ ਦੇ ਵਿਧਾਨ ਸਭਾ ਸੈਸ਼ਨ ਦੀ ਮੰਗ ਕੀਤੀ ਹੈ। ਇਸ ਤਰ੍ਹਾਂ ਸਾਰੇ ਵਿਧਾਇਕ ਵੀ ਆਪਣੇ-ਆਪਣੇ ਹਲਕਿਆਂ ਨਾਲ ਸਬੰਧਤ ਮੁੱਦੇ ਉਠਾਉਣ ਲਈ ਹੋਰ ਜ਼ਿਆਦਾ ਜ਼ਿੰਮੇਵਾਰ ਤੇ ਜਵਾਬਦੇਹ ਹੋਣਗੇ।

‘ਆਪ‘ ਦੇ ਖਰੜ ਤੋਂ ਵਿਧਾਇਕ ਤੇ ਸੀਨੀਅਰ ਆਗੂ ਕੰਵਰ ਸੰਧੂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਤਿੰਨ ਸਫ਼ਿਆਂ ਦੇ ਪੱਤਰ ਰਾਹੀਂ ਹਰ ਸਾਲ ਵਿਧਾਨ ਸਭਾ ਦੇ 12 ਸਮਾਗਮ ਦਾ ਸੁਝਾਅ ਦਿੱਤਾ ਹੈ ਤਾਂ ਕਿ ਸਾਲ ‘ਚ 60 ਬੈਠਕਾਂ ਯਕੀਨੀ ਹੋਣ। ਕੰਵਰ ਸੰਧੂ ਨੇ ਵਿਧਾਨ ਸਭਾ ਬੈਠਕਾਂ ਸਬੰਧੀ ਤੈਅ ਨਿਯਮਾਵਲੀ (ਰੂਲਜ਼ ਆਫ਼ ਪ੍ਰਸੀਜ਼ਰ ਐਂਡ ਕੰਡਕਟ ਆਫ਼ ਬਿਜ਼ਨਸ ਰੂਲਜ਼) ਦੀ ਮੱਦ 14-ਏ ‘ਚ ਸੋਧ ਕਰਨ ਦੀ ਮੰਗ ਉਠਾਈ, ਜਿਸ ਤਹਿਤ ਹਰ ਵਿੱਤੀ ਸਾਲ ‘ਚ ਘੱਟੋ-ਘੱਟ ਤਿੰਨ ਸਮਾਗਮ ਤਹਿਤ ਘੱਟੋ-ਘੱਟ ਕੁੱਲ 40 ਬੈਠਕਾਂ ਜ਼ਰੂਰੀ ਹਨ।

ਉਨ੍ਹਾਂ ਅਫ਼ਸੋਸ ਜਤਾਇਆ ਕਿ ਖਾਨਾਪੂਰਤੀ ਤਹਿਤ ਇਸ ਸ਼ਰਤ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਲਈ ਵਿਧਾਨ ਸਭਾ ਦੀ ਸਹੀ ਕਾਰਗੁਜ਼ਾਰੀ ਤੇ ਸਰਕਾਰੀ ਕੰਮਕਾਜ ਪ੍ਰਤੀ ਸਰਕਾਰ ਦੀ ਜਵਾਬਦੇਹੀ ਯਕੀਨੀ ਬਣਾਉਣ ਲਈ ਹਰ ਮਹੀਨੇ 5 ਦਿਨ ਦਾ ਸੈਸ਼ਨ ਜ਼ਰੂਰੀ ਹੈ। ਕੰਵਰ ਸੰਧੂ ਨੇ ਕਿਹਾ ਕਿ ਮਹੀਨਾਵਾਰ ਸੈਸ਼ਨ ਸਮੁੱਚੀ ਸਰਕਾਰੀ ਮਸ਼ੀਨਰੀ ਨੂੰ ਫ਼ਰਜ਼ਾਂ ਪ੍ਰਤੀ ਚੁਸਤ ਰੱਖੇਗਾ ਤੇ ਨਾ ਕੇਵਲ ਸਰਕਾਰ ਸਗੋਂ ਵਿਧਾਇਕਾਂ ਦੀ ਜਵਾਬਦੇਹੀ ਵੀ ਤੈਅ ਕਰੇਗਾ।