ਰਾਜ ਠਾਕਰੇ ਦਾ ਸ੍ਰੀਦੇਵੀ ਬਾਰੇ ਵਿਵਾਦਤ ਬਿਆਨ

0
386

ਮੁੰਬਈ- ਆਪਣੇ ਵਿਵਾਦਿਤ ਬਿਆਨਾਂ ਲਈ ਚਰਚਿਤ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਕੱਲ੍ਹ ਬਾਲੀਵੁੱਡ ਦੀ ਮਰਹੂਮ ਅਭਿਨੇਤਰੀ ਸ਼੍ਰੀਦੇਵੀ ਬਾਰੇ ਵਿਵਾਦਤ ਬਿਆਨ ਦੇ ਦਿੱਤਾ। ਏਥੇ ਇਕ ਪ੍ਰੋਗਰਾਮ ਵਿੱਚ ਬੋਲਦੇ ਹੋਏ ਰਾਜ ਠਾਕਰੇ ਨੇ ਕਿਹਾ ਕਿ ਸ਼੍ਰੀਦੇਵੀ ਦੀ ਮੌਤ ਸ਼ਰਾਬ ਪੀਣ ਨਾਲ ਹੋਈ ਸੀ ਤੇ ਉਨ੍ਹਾਂ ਨੂੰ ਤਿੰਰਗੇ ਵਿੱਚ ਲਪੇਟ ਕੇ ਸਰਕਾਰੀ ਸਨਮਾਨ ਦੇਣਾ ਗਲਤ ਸੀ। ਇਸ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਐਕਟਰ ਅਕਸ਼ੈ ਕੁਮਾਰ ਨੂੰ ਕੈਨੇਡਾ ਦਾ ਨਾਗਰਿਕ ਦੱਸਿਆ।

ਰਾਜ ਠਾਕਰੇ ਨੇ ਕਿਹਾ, ‘ਮੀਡੀਆ ਰਿਪੋਰਟਸ ਵਿੱਚ ਕਿਹਾ ਗਿਆ ਕਿ ਸ਼੍ਰੀਦੇਵੀ ਦੀ ਮੌਤ ਸ਼ਰਾਬ ਪੀਣ ਕਾਰਨ ਹੋਈ ਸੀ। ਉਨ੍ਹਾਂ ਨੂੰ ਤਿਰੰਗੇ ਵਿੱਚ ਲਪੇਟ ਕੇ ਸਰਕਾਰੀ ਸਨਮਾਨ ਦੇਣਾ ਤਿਰੰਗੇ ਦਾ ਅਪਮਾਨ ਹੈ। ਸ਼੍ਰੀਦੇਵੀ ਨੇ ਦੇਸ਼ ਹਿੱਤ ਲਈ ਕੀ ਕੰਮ ਕੀਤਾ ਸੀ? ਠੀਕ ਹੈ ਕਿ ਅਭਿਨੇਤਰੀ ਸੀ ਅਤੇ ਮਸ਼ਹੂਰ ਵੀ ਸੀ, ਪਰ ਅਜਿਹਾ ਕੀ ਕੰਮ ਕੀਤਾ ਸੀ ਕਿ ਉਨ੍ਹਾਂ ਦੀ ਲਾਸ਼ ਨੂੰ ਤਿਰੰਗੇ ਵਿੱਚ ਲਪੇਟਿਆ ਗਿਆ। ਤੁਸੀਂ ਕਹਿੰਦੇ ਹੋ ਕਿ ਉਹ ਪਦਮਸ਼੍ਰੀ ਨਾਲ ਵੀ ਸਨਮਾਨਤ ਸੀ, ਇਸ ਲਈ ਇਹ ਸਨਮਾਨ ਮਿਲਿਆ। ਇਹ ਮਹਾਰਾਸ਼ਟਰ ਸਰਕਾਰ ਦੀ ਗਲਤੀ ਹੈ।’

ਰਾਜ ਠਾਕਰੇ ਨੇ ਏਥੋਂ ਤੱਕ ਵੀ ਕਹਿ ਦਿੱਤਾ ਕਿ ਮੀਡੀਆ ਨੇ ਸ਼੍ਰੀਦੇਵੀ ਦੀ ਮੌਤ ਦੀ ਖਬਰ ਨੂੰ ਵਧਾ-ਚੜ੍ਹਾ ਕੇ ਇਸ ਲਈ ਦਿਖਾਇਆ ਕਿ ਦੇਸ਼ ਦਾ ਧਿਆਨ ਨੀਰਵ ਮੋਦੀ ਕੇਸ ਤੋਂ ਹਟਾਇਆ ਜਾ ਸਕੇ। ਰਾਜ ਠਾਕਰੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਆਲੋਚਨਾ ਕਰ ਚੁਕੇ ਹਨ ਅਤੇ ਉਨ੍ਹਾਂ ਕਿਹਾ ਸੀ ਕਿ 2019 ਵਿੱਚ ਮੋਦੀ ਮੁਕਤ ਭਾਰਤ ਦਾ ਸਮਾਂ ਆ ਗਿਆ ਹੈ।

ਉਨ੍ਹਾ ਨੇ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਦੀ ਨਾਗਰਿਕਤਾ ਉੱਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਅਕਸ਼ੈ ਕੁਮਾਰ ਨੇ ਕੈਨੇਡਾ ਦੀ ਨਾਗਰਿਕਤਾ ਲੈ ਰੱਖੀ ਹੈ। ਠਾਕਰੇ ਨੇ ਕਿਹਾ, ‘ਅੱਜ ਦਾ ਮੀਡੀਆ ਸਰਕਾਰ ਦੇ ਦਬਾਅ ਵਿੱਚ ਕੰਮ ਕਰਦਾ ਹੈ। ਜਿੰਨੀਆਂ ਖਬਰਾਂ ਸ਼੍ਰੀਦੇਵੀ ਦੀ ਮੌਤ ਉੱਤੇ ਦਿਖਾਈਆਂ ਗਈਆਂ, ਕੀ ਓਨੀਆਂ ਖਬਰਾਂ ਜੱਜ ਲੋਇਆ ਦੀ ਮੌਤ ਨੂੰ ਲੈ ਕੇ ਆਈਆਂ? ਸ਼੍ਰੀਦੇਵੀ ਦੀ ਮੌਤ ਸ਼ੱਕੀ ਸੀ ਤਾਂ ਜੱਜ ਲੋਇਆ ਦੀ ਵੀ ਮੌਤ ਸ਼ੱਕੀ ਸੀ।’