ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਨਹੀਂ ਟੁੱਟੇਗੀ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ ਪ੍ਰਧਾਨ ਅਮਨ ਅਰੋੜਾ ਦੋਵਾਂ ਨੇ ਇਸ ਗੱਲ ਨੂੰ ਸਾਫ਼ ਕਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗ ਕੇ ਕੇਜਰੀਵਾਲ ਨੇ ਗ਼ਲਤ ਕੀਤਾ ਹੈ ਪਰ ਅਮਨ ਅਰੋੜਾ ਦਾ ਕਹਿਣਾ ਹੈ ਕਿ ਮੁਆਫ਼ੀ ਮੰਗਣਾ ਕੇਜਰੀਵਾਲ ਦੀ ਮਜਬੂਰੀ ਬਣ ਗਿਆ ਹੈ। ਉਨ੍ਹਾਂ ‘ਤੇ ਮਾਣਹਾਨੀ ਦੇ ਇੰਨੇ ਕੇਸ ਚੱਲ ਰਹੇ ਹਨ ਕਿ ਅਦਾਲਤਾਂ ਦੇ ਚੱਕਰਾਂ ਵਿੱਚ ਕੋਈ ਕੰਮ ਨਹੀਂ ਹੋ ਪਾ ਰਿਹਾ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ 15 ਮਾਰਚ ਨੂੰ ਮਜੀਠੀਆ ਤੋਂ ਲਿਖਤੀ ਤੌਰ ‘ਤੇ ਮੁਆਫ਼ੀ ਮੰਗ ਕੇ ਉਨ੍ਹਾਂ ‘ਤੇ ਲਾਏ ਹੋਏ ਸਾਰੇ ਇਲਜ਼ਾਮ ਵਾਪਲ ਲੈ ਲਏ ਸਨ। ਇਸ ਤੋਂ ਬਾਅਦ ਪਾਰਟੀ ਦੇ ਨੇਤਾਵਾਂ ਨੇ ਪੰਜਾਬ ਵਿੱਚ ਕੇਜਰੀਵਾਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ 18 ਵਿਧਾਇਕ ਹਨ। ਮੁਆਫ਼ੀਨਾਮੇ ਤੋਂ ਖਫਾ ਵਿਧਾਇਕਾਂ ਨਾਲ ਐਤਵਾਰ ਨੂੰ ਦਿੱਲੀ ਵਿੱਚ ਮੁਲਾਕਾਤ ਕੀਤੀ, ਪਰ ਸਿਰਫ਼ 10 ਵਿਧਾਇਕ ਹੀ ਉੱਥੇ ਪਹੁੰਚੇ। ਪੰਜਾਬ ਵਿੱਚ ਪਾਰਟੀ ਪ੍ਰਧਾਨ ਭਗਵੰਤ ਮਾਨ ਤੇ ਸਹਿ ਪ੍ਰਧਾਨ ਅਮਨ ਅਰੋੜਾ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਗਿਆ।
ਬੇਸ਼ੱਕ ਕੇਜਰੀਵਾਲ ਹੁਣ ਡੈਮੇਜ ਕੰਟਰੋਲ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ, ਪਰ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਮੁੜ ਪੈਰ ਜਮਾਉਣਾ ਉਨ੍ਹਾਂ ਲਈ ਇੰਨਾ ਸੁਖਾਲਾ ਨਹੀਂ ਹੋਵੇਗਾ।