ਜਲੰਧਰ: ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਸੁਖਬੀਰ ਬਾਦਲ ‘ਤੇ ਇੰਨਾ ਗੁੱਸਾ ਆਇਆ ਕਿ ਉਹ ਸਭ ਮਰਿਆਦਾ ਭੁੱਲ ਗਏ। ਉਨ੍ਹਾਂ ਸੁਖਬੀਰ ਬਾਦਲ ‘ਤੇ ਖੁੱਲ੍ਹ ਕੇ ਭੜਾਸ ਕੱਢੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਹਮੇਸ਼ਾ ਗੁੱਸੇ ਵਿੱਚ ਭਰੇ ਰਹਿਣ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ, “10 ਸਾਲ ਰਾਜ ਕਰਨ ਤੋਂ ਬਾਅਦ ਹੁਣ ਸੁਖਬੀਰ ਇਹ ਕਿਉਂ ਕਹਿੰਦਾ ਹੈ ਕਿ ਮੈਨੂੰ ਦੋ ਮਹੀਨੇ ਦੇ ਦਿਉ ਮੈਂ ਖਜ਼ਾਨੇ ਭਰ ਦਿਆਂਗਾ।” ਸਿੱਧੂ ਨੇ ਇਸ ਨੂੰ ਹਾਸੋਹੀਣਾ ਕਰਾਰ ਦਿੰਦੇ ਹੋਏ ਕਿਹਾ, “ਉਸ ਨੂੰ ਪੁੱਛੋ 10 ਸਾਲ ਸਰਕਾਰ ਕਿਸ ਕੋਲ ਸੀ। ਤੇਰੇ ਬਾਪ ਦੀ ਸਰਕਾਰ ਸੀ। 10 ਸਾਲ ਵਿੱਚ ਕਿਉਂ ਨਹੀਂ ਭਰੇ ਖਜਾਨੇ। ਅੱਜ ਤੂੰ ਭੀਖ ਕਿਉਂ ਮੰਗਦਾ ਹੈ।”
ਸਿੱਧੂ ਨੇ ਸੁਖਬੀਰ ਨੂੰ ਕਿਹਾ, “ਤੇਰੇ ਤਾਂ ਪੋਥੜੇ ਉੱਧੜੇ ਪਏ ਹਨ ਤੇ ਤੂੰ ਕੈਪਟਨ ਸਾਹਿਬ ਦੀ ਗੱਲ ਕਰਦਾ ਹੈ। ਸਾਡਾ ਤਾਂ ਸਾਲ ਹੋਇਆ ਹੈ। ਜਿੱਥੇ ਤੂੰ ਛੱਡ ਕੇ ਗਿਆ ਸੀ ਪੰਜਾਬ ਨੂੰ ਉੱਥੋਂ ਭਾਵੇਂ ਅਸੀਂ ਇੱਕ ਫੁੱਟ ਅੱਗੇ ਹੋਈਏ, ਇੱਕ ਇੰਚ ਅੱਗੇ ਹੋਈਏ, ਚਾਹੇ ਮੀਲ ਅੱਗੇ ਹੋਈਏ। ਅਸੀਂ ਤੇਰੇ ਤੋਂ ਹਰ ਥਾਂ ‘ਤੇ ਅੱਗੇ ਹਾਂ। ਚੋਰਾ ਦੇ ਸਰਤਾਜ ਬਾਦਸ਼ਾਹ। ਬਾਬਾ ਬਾਦਲ 40 ਚੋਰ।”
ਨਵਜੋਤ ਸਿੰਘ ਸਿੱਧੂ ਨੇ ਕਿਹਾ, “ਉਨ੍ਹਾਂ ਦਾ ਨਾਅਰਾ ਸੀ ਰਾਜ ਨਹੀਂ ਸੇਵਾ। ਮੈਂ ਤਿੰਨ ਸਾਲ ਪਹਿਲਾਂ ਹੀ ਕਿਹਾ ਸੀ ਕਿ ਸਿਰਫ 10 ਫੀਲਦੀ ਸੇਵਾ ਤੇ 90 ਫੀਸਦੀ ਮੇਵਾ। ਇਹ ਕੀ ਗੱਲਾਂ ਕਰਨਗੇ। ਇੱਕ ਸਾਲ ਵਿੱਚ ਚਾਰ ਵਾਰ ਹਾਰ ਚੁੱਕੇ ਹਨ।”