ਚੰਡੀਗੜ੍ਹ: ਭਾਰਤੀ ਕ੍ਰਿਕਟ ਟੀਮ ‘ਚੋਂ ਬਾਹਰ ਚੱਲ ਰਹੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਵੱਡਾ ਐਲਾਨ ਕੀਤਾ। ਕ੍ਰਿਕਟ ਤੋਂ ਸਨਿਆਸ ਸਬੰਧੀ ਯੁਵੀ ਨੇ ਕਿਹਾ ਕਿ ਉਹ 2019 ਤੱਕ ਕ੍ਰਿਕਟ ਖੇਡਦੇ ਰਹਿਣਗੇ। ਉਸ ਤੋਂ ਬਾਅਦ ਖੇਡ ਨੂੰ ਅਲਵਿਦਾ ਕਹਿਣਗੇ। ਯੁਵਰਾਜ ਨੇ ਭਾਰਤੀ ਟੀਮ ਲਈ ਆਖਰੀ ਵਨਡੇ ਜੂਨ 2017 ‘ਚ ਖੇਡਿਆ ਸੀ। ਯੁਵੀ ਆਈਪੀ ਐਲ ਸੀਜ਼ਨ 11 ਨੂੰ ਅਹਿਮ ਮੰਨਦੇ ਹਨ। ਆਈਪੀਐਲ ‘ਚ ਚੰਗੇ ਪ੍ਰਦਰਸ਼ਨ ਨਾਲ ਵਿਸ਼ਵ ਕੱਪ 2019 ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਸਕਣਗੇ।
ਯੁਵਰਾਜ ਨੇ ਕਿਹਾ, “ਮੈਂ ਆਈਪੀਐਲ ‘ਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ, ਮੇਰੇ ਲਈ ਇਹ ਕਾਫੀ ਅਹਿਮ ਟੂਰਨਾਮੈਂਟ ਹੈ ਕਿਉਂਕਿ ਇਸ ਨਾਲ 2019 ਤੱਕ ਖੇਡਣ ਦਾ ਰਸਤਾ ਪੱਕਾ ਹੋਵੇਗਾ। ਮੈਂ 2019 ਤੱਕ ਖੇਡਣਾ ਚਾਹੁੰਨਾ, ਉਸ ਤੋਂ ਬਾਅਦ ਅੱਗੇ ਲਈ ਫੈਸਲਾ ਕਰਾਂਗਾ।”
ਯੁਵਰਾਜ ਸਿੰਘ ਨੇ ਭਾਰਤ ਨੂੰ ਵਿਸ਼ਵ ਕੱਪ 2007 ਦਾ ਟੀ-20 ਤੇ 2011 ‘ਚ ਭਾਰਤ ਦੀ ਝੋਲੀ ਪਾਉਣ ‘ਚ ਅਹਿਮ ਯੋਗਦਾਨ ਪਾਇਆ ਸੀ। 2011 ਦੇ ਵਿਸ਼ਵ ਕੱਪ ‘ਚ ਯੁਵੀ ਮੈਨ ਆਫ ਦ ਟੂਰਨਾਮੈਂਟ ਵੀ ਚੁਣੇ ਗਏ।
ਵਿਸ਼ਵ ਕੱਪ 2011 ਤੋਂ ਬਾਅਦ ਯੁਵੀ ਕੈਂਸਰ ਤੋਂ ਜੰਗ ਜਿੱਤ ਕੇ ਮੈਦਾਨ ‘ਤੇ ਪਰਤੇ। ਉਨ੍ਹਾਂ ਕਿਹਾ ਮੈਨੂੰ ਕ੍ਰਿਕਟ ਕਰੀਅਰ ਦਾ ਇਕਮਾਤਰ ਮਲਾਲ ਰਹੇਗਾ ਕਿ ਮੈਂ ਟੈਸਟ ਟੀਮ ‘ਚ ਥਾਂ ਪੱਕੀ ਨਹੀਂ ਕਰ ਸਕਿਆ।
ਆਈਪੀਐਲ ਸੀਜ਼ਨ 11 ਲਈ ਪ੍ਰੀਟੀ ਜ਼ਿੰਟਾ ਨੇ ਯੁਵਰਾਜ ਸਿੰਘ ਟੀਮ ਨਾਲ ਜੋੜਿਆ ਹੈ। ਕਿੰਗਜ਼ ਇਲੈਵਨ ਪੰਜਾਬ ਵੱਲੋਂ ਯੁਵੀ ਨੇ ਦੋ ਸੀਜ਼ਨ ਖੇਡੇ। ਜਿਨ੍ਹਾਂ ‘ਚ ਯੁਵੀ ਨੇ ਕਪਤਾਨੀ ਕਰਦਿਆਂ ਪੰਜਾਬ ਦੀ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ। ਆਈਪੀਐਲ ਸੀਜ਼ਨ 11 ਦੀ ਸ਼ੁਰੂਆਤ 6 ਅਪ੍ਰੈਲ ਤੋਂ ਹੋ ਰਹੀ ਹੈ।