ਪ੍ਰਿਅੰਕਾ ਚੋਪੜਾ ਅੱਜਕੱਲ੍ਹ ਹੌਲੀਵੁੱਡ ਵਿੱਚ ਰੁੱਝੀ ਹੋਈ ਹੈ ਅਤੇ ਬੌਲੀਵੁੱਡ ਦੀਆਂ ਸਭ ਤੋਂ ਮਹਿੰਗੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ। ਐਵਾਰਡ ਸ਼ੋਅ ਵਿੱਚ ਪੇਸ਼ਕਾਰੀ ਦੇਣ ਲਈ ਉਹ ਇੱਕ ਮਿੰਟ ਦੀ ਪੇਸ਼ਕਾਰੀ ਲਈ ਇੱਕ ਕਰੋੜ ਰੁਪਏ ਫੀਸ ਵਸੂਲਦੀ ਹੈ। ਅਜਿਹੇ ਵਿੱਚ ਪੰਜ ਮਿੰਟ ਦੀ ਪੇਸ਼ਕਾਰੀ ਲਈ ਉਸ ਨੂੰ ਪੰਜ ਕਰੋੜ ਦੀ ਭਾਰੀ ਰਕਮ ਦਿੱਤੀ ਜਾਂਦੀ ਹੈ।
ਉਸਨੇ ਆਪਣੇ ਹੁਣ ਤਕ ਦੇ ਫ਼ਿਲਮੀ ਕਰੀਅਰ ਵਿੱਚ ਸਭ ਤੋਂ ਉੱਤਮ ਅਭਿਨੇਤਰੀ ਦਾ ਰਾਸ਼ਟਰੀ ਫ਼ਿਲਮ ਐਵਾਰਡ, ਚਾਰ ਸ਼੍ਰੇਣੀਆਂ ਵਿੱਚ ਫ਼ਿਲਮਫੇਅਰ ਐਵਾਰਡ ਸਮੇਤ ਕਈ ਹੋਰ ਇਨਾਮ ਪ੍ਰਾਪਤ ਕੀਤੇ ਹਨ। ਪ੍ਰਿਅੰਕਾ ਨੇ ਆਪਣੇ ਕਰੀਅਰ ਵਿੱਚ ਜੋ ਮੁਕਾਮ ਹਾਸਲ ਕੀਤਾ ਹੈ, ਉਹ ਘੱਟ ਹੀ ਅਭਿਨੇਤਰੀਆਂ ਨੂੰ ਨਸੀਬ ਹੁੰਦਾ ਹੈ। ਬੌਲੀਵੁੱਡ ਵਿੱਚ ਬਤੌਰ ਅਭਿਨੇਤਰੀ ਆਪਣੀ ਧਾਕ ਜਮਾਉਣ ਤੋਂ ਬਾਅਦ ਪ੍ਰਿਅੰਕਾ ਨੇ ਹੌਲੀਵੁੱਡ ਦੀ ਉੜਾਨ ਭਰੀ ਤਾਂ ਉੱਥੇ ਵੀ ਆਪਣੇ ਨਾਮ ਦਾ ਡੰਕਾ ਬਜਾਇਆ ਹੋਇਆ ਹੈ। ਪਹਿਲਾਂ ਸਿੰਗਲਸ, ਫਿਰ ਟੀਵੀ ਸੀਰੀਜ਼ ‘ਕੁਆਂਟਿਕੋ’ ਤੋਂ ਅਮਰੀਕੀ ਟੈਲੀਵੀਜ਼ਨ ’ਤੇ ਰਾਜ ਕਰਨ ਤੋਂ ਬਾਅਦ ਫ਼ਿਲਮ ‘ਬੇਅਵਾਚ’ ਤੋਂ ਉਹ ਵੱਡੇ ਪਰਦੇ ਉੱਤੇ ਧੂਮਾਂ ਪਾਉਂਦੇ ਹੋਏ ਕੌਮਾਂਤਰੀ ਸ਼ੋਅ ਬਿਜ਼ ਦਾ ਅਹਿਮ ਹਿੱਸਾ ਬਣ ਗਈ ਹੈ। ਉਸ ਦੀਆਂ ਗੱਲਾਂ ਦਾ ਖੁੱਲ੍ਹਾਪਣ ਉਸ ਦੇ ਗਲੈਮਰਸ ਅਵਤਾਰ ਨਾਲ ਬਿਲਕੁਲ ਮੇਲ ਖਾਂਦਾ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਪੱਛਮੀ ਮੀਡੀਆ ਵੀ ਪ੍ਰਿਅੰਕਾ ਨੂੰ ਸੁਣਾਉਣ ਅਤੇ ਵਿਖਾਉਣ ਲਈ ਬੇਤਾਬ ਰਹਿੰਦਾ ਹੈ। ਯਾਨੀ, ਦੇਸੀ ਗਰਲ ਵੇਖਦੇ – ਵੇਖਦੇ ਹੌਲੀਵੁੱਡ ਵਿੱਚ ਵੱਡੀ ਸਟਾਰ ਬਣ ਚੁੱਕੀ ਹੈ। ਪ੍ਰਿਅੰਕਾ ਦਾ ਕਹਿਣਾ ਹੈ ਕਿ ਹਿੱਟ ਹੋਣਾ ਕਦੇ ਵੀ ਉਸ ਦਾ ਟੀਚਾ ਨਹੀਂ ਸੀ। ਉਹ ਕਹਿੰਦੀ ਹੈ ਕਿਸੇ ਵਸਤੂ ਦੀ ਤਰ੍ਹਾਂ ਪੇਸ਼ ਹੋਣਾ ਉਸਦੇ ਕੰਮ ਦਾ ਹਿੱਸਾ ਹੈ। ਇਸ ਲਈ ਉਸਨੂੰ ਉਦੋਂ ਬਹੁਤਾ ਭੈੜਾ ਨਹੀਂ ਲੱਗਦਾ, ਜਦੋਂ ਲੋਕ ਉਸਨੂੰ ਸੈਕਸ ਸਿੰਬਲ ਕਹਿੰਦੇ ਹਨ ਕਿਉਂਕਿ ਉਹ ਇੱਕ ਅਭਿਨੇਤਰੀ ਹੈ ਅਤੇ ਇਹ ਉਸਦੇ ਕੰਮ ਦੀ ਪ੍ਰਾਪਤੀ ਹੈ।
ਦੋ ਵਾਰ ਦੀ ‘ਗੋਲਡਨ ਗਲੋਬ’ ਜੇਤੂ ਪ੍ਰਿਅੰਕਾ ਦਾ ਕਹਿਣਾ ਹੈ ਕਿ ਉਹ ਹੌਲੀਵੁੱਡ ਵਿੱਚ ਕੋਈ ਝੰਡਾ ਗੱਡਣ ਦੇ ਇਰਾਦੇ ਨਾਲ ਨਹੀਂ ਗਈ ਸੀ। ਉਸ ਨੂੰ ਮੌਕੇ ਮਿਲਦੇ ਗਏ ਅਤੇ ਉਹ ਪੂਰੀ ਮਿਹਨਤ ਨਾਲ ਉਨ੍ਹਾਂ ਨੂੰ ਕਰਦੀ ਗਈ, ਪਰ ਕਾਮਯਾਬੀ ਦੇ ਇਸ ਮੋੜ ਉੱਤੇ ਆ ਕੇ ਉਹ ਜਦੋਂ ਪਿੱਛੇ ਮੁੜ ਕੇ ਵੇਖਦੀ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਉਹ ਇੰਨੀ ਸੁੰਦਰ ਨਹੀਂ ਸੀ ਕਿ ਮਿਸ ਇੰਡੀਆ ਵਰਗੀ ਪ੍ਰਤੀਯੋਗਿਤਾ ਜਿੱਤ ਸਕੇ। ਇਸਦੇ ਬਾਵਜੂਦ ਉਸ ਦਾ ਇਹ ਵੀ ਮੰਨਣਾ ਹੈ ਕਿ ਮਨੋਰੰਜਨ – ਜਗਤ ਵਿੱਚ ਉਸ ਦਾ ਕਰੀਅਰ ਚੁਣੌਤੀਆਂ ਨਾਲ ਭਰਿਆ ਰਿਹਾ ਹੈ। ਇਸ ਦੀ ਦਲੀਲ ਵਿੱਚ ਉਹ ਕਹਿੰਦੀ ਹੈ ਕਿ ਪਹਿਲਾਂ ਉਹ ਕੋਈ ਲੰਬੀ ਯੋਜਨਾ ਨਹੀਂ ਬਣਾਉਂਦੀ ਸੀ ਕਿਉਂਕਿ ਉਹ ਫ਼ਿਲਮੀ ਪਿਛੋਕੜ ਤੋਂ ਨਹੀਂ ਹੈ। ਉਸਦੇ ਕਰੀਅਰ ਵਿੱਚ ਹਮੇਸ਼ਾਂ ਖ਼ਤਰਨਾਕ ਵਿਕਲਪ ਰਹੇ ਹਨ, ਪਰ ਉਸਨੇ ਹਮੇਸ਼ਾਂ ਪੱਕਾ ਫ਼ੈਸਲਾ ਹੀ ਲਿਆ ਹੈ। ਉਸਦੀ ਸਭ ਤੋਂ ਵੱਡੀ ਚੁਣੌਤੀ ਇਹ ਜਾਣਨਾ ਰਹੀ ਹੈ ਕਿ ਉਹ ਖ਼ਤਰਾ ਮੁੱਲ ਲੈ ਰਹੀ ਹੈ। ਇਸ ਵਿੱਚ ਦੋ ਰਾਏ ਨਹੀਂ ਕਿ ਕਰੀਅਰ ਦੇ ਸ਼ੁਰੂਆਤੀ ਦੌਰ ਤੋਂ ਲੈ ਕੇ ਅੱਜ ਤਕ ਪ੍ਰਿਅੰਕਾ ਖ਼ਤਰੇ ਹੀ ਮੁੱਲ ਲੈ ਰਹੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਉਹ ਵੀ ਆਮ ਭਾਰਤੀ ਦੀ ਤਰ੍ਹਾਂ ਆਮਦਨ ਕਰ ਭਰਨ ਵਿੱਚ ਹਿੰਮਤ ਜ਼ਰੂਰ ਦਿਖਾਉਂਦੀ। ਹਾਲਾਂਕਿ ਉਸ ਨੇ ਅਜਿਹਾ ਨਹੀਂ ਕੀਤਾ ਤਾਂ ਅੱਜ ਉਸ ਉੱਤੇ ਨਾ ਕੇਵਲ ਟੈਕਸ ਚੋਰੀ ਦਾ ਇਲਜ਼ਾਮ ਲੱਗ ਗਿਆ ਹੈ, ਸਗੋਂ ਉਸ ਉੱਤੇ ਆਮਦਨ ਕਰ ਵਿਭਾਗ ਸ਼ਿਕੰਜਾ ਵੀ ਕਸਦਾ ਨਜ਼ਰ ਆ ਰਿਹਾ ਹੈ। ਦਰਅਸਲ, ਪ੍ਰਿਅੰਕਾ ਚੋਪੜਾ ਆਪਣੀਆਂ ਕੁਝ ਲਗਜਰੀ ਚੀਜ਼ਾਂ ਨੂੰ ਲੈ ਕੇ ਆਮਦਨ ਕਰ ਮਾਮਲੇ ਵਿੱਚ ਫਸ ਗਈ ਹੈ। ਆਮਦਨ ਕਰ ਵਿਭਾਗ ਦਾ ਕਹਿਣਾ ਹੈ ਕਿ ਭਾਰਤੀ ਕਾਨੂੰਨ ਤਹਿਤ ਪ੍ਰਿਅੰਕਾ ਨੂੰ ਤੋਹਫ਼ੇ ਦੇ ਰੂਪ ਵਿੱਚ ਕੁਝ ਵੀ ਮਿਲਿਆ ਹੋਵੇ, ਪਰ ਉਸ ਨੂੰ ਲਗਜਰੀ ਦੀਆਂ ਵਸਤਾਂ ਉੱਤੇ ਟੈਕਸ ਭਰਨਾ ਲਾਜ਼ਮੀ ਹੈ। ਦਰਅਸਲ, ਸਾਲ 2011 ਵਿੱਚ ਕਮਾਈ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿੱਚ ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ (ਆਈਟੀਏਟੀ) ਨੇ ਉਸਦੇ ਘਰ ਉੱਤੇ ਛਾਪੇ ਮਾਰੇ ਸਨ। ਉਸ ਦੇ ਘਰ ਤੋਂ ਇੱਕ ਲਗਜਰੀ ਘੜੀ ਅਤੇ ਇੱਕ ਲਗਜਰੀ ਕਾਰ ਮਿਲੀ, ਜਿਸਦਾ ਟੈਕਸ ਉਸ ਨੇ ਨਹੀਂ ਭਰਿਆ ਸੀ। ਪ੍ਰਿਅੰਕਾ ਚੋਪੜਾ ਤੋਂ ਜਦੋਂ ਇਨ੍ਹਾਂ ਚੀਜ਼ਾਂ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਐੱਲਵੀਐੱਮਐੱਚ – ਟੈਗ ਵਾਚ (ਕੀਮਤ ਕਰੀਬ 40 ਲੱਖ ਰੁਪਏ) ਅਤੇ ਟੋਯੋਟਾ ਦੀ ਕਾਰ (ਕੀਮਤ ਕਰੀਬ 27 ਲੱਖ ਰੁਪਏ) ਉਸ ਨੂੰ ਇੱਕ ਕੰਪਨੀ ਵੱਲੋਂ ਉਸ ਦੇ ਪ੍ਰਸਤੁਤੀ ਲਈ ਤੋਹਫ਼ੇ ਵਜੋਂ ਦਿੱਤੀ ਗਈ ਸੀ। ਪਰ ਆਮਦਨ ਕਰ ਵਿਭਾਗ ਉਸ ਦੀਆਂ ਇਨ੍ਹਾਂ ਦਲੀਲਾਂ ਨੂੰ ਨਾ ਕੇਵਲ ਖਾਰਜ ਕਰ ਰਿਹਾ ਹੈ, ਸਗੋਂ ਉਸਦਾ ਇਹ ਵੀ ਕਹਿਣਾ ਹੈ ਕਿ ਭਾਰਤੀ ਆਮਦਨ ਕਰ ਨਿਯਮ ਤਹਿਤ ਪੇਸ਼ੇਵਾਰਾਨਾ ਤੌਰ ਉੱਤੇ ਮਿਲੇ ਤੋਹਫ਼ੇ ਉੱਤੇ ਵੀ ਉਸ ਨੂੰ ਸਰਕਾਰ ਨੂੰ ਟੈਕਸ ਚੁਕਾਉਣਾ ਪਵੇਗਾ। ਯਾਨੀ, ਖ਼ਤਰਾ ਤਾਂ ਅੱਜ ਵੀ ਪ੍ਰਿਅੰਕਾ ਦੇ ਸਿਰ ਉੱਤੇ ਮੰਡਰਾ ਹੀ ਰਿਹਾ ਹੈ।