ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਸਿਆਸਤ !

0
341

ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਸਿਆਸਤ ਭਖ ਗਈ ਹੈ। ਪ੍ਰਕਾਸ਼ ਪੁਰਬ ਸਫ਼ਲਤਾ ਨਾਲ ਮਨਾਉਣ ਲਈ ਕੀਤੀ ਗਈ ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਵਿਰੋਧੀ ਧਿਰ ਦੇ ਆਗੂ ਸ਼ਾਮਲ ਨਹੀਂ ਹੋਏ। ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਵਿਰੋਧੀ ਧਿਰ ਦੇ ਆਗੂਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਅਪਮਾਣ ਕੀਤਾ ਹੈ।

ਸਿੱਧੂ ਨੇ ਕਿਹਾ ਕਿ ਵਿਸ਼ੇਸ਼ ਮੀਟਿੰਗ ਲਈ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਆਰਗੇਨਾਇਜਿੰਗ ਕਮੇਟੀ ਦੀ ਪਹਿਲੀ ਜਾਇਜ਼ਾ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਸੀ ਪਰ ਉਹ ਮੀਟਿੰਗ ਵਿੱਚ ਹਾਜ਼ਰ ਨਾ ਹੋਏ।

ਸਿੱਧੂ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਵਿਰੋਧੀ ਧਿਰ ਨੇ ਇਸ ਪਵਿੱਤਰ ਧਾਰਮਿਕ ਸਮਾਗਮ ਨੂੰ ਸਿਆਸੀ ਰੰਗਤ ਦੇਣ ਦਾ ਰਾਹ ਚੁਣਿਆ ਤੇ ਮੀਟਿੰਗ ਦਾ ਬਾਈਕਾਟ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅਜਿਹਾ ਮੌਕਾ ਹੈ ਜਦੋਂ ਸਾਰੀ ਸਿਆਸੀਆਂ ਪਾਰਟੀਆਂ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਤੋਂ ਉੱਪਰ ਉਠਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਉਹ ਇਸ ਮਾਮਲੇ ‘ਤੇ ਵਿਰੋਧੀ ਧਿਰ ਦੇ ਆਗੂਆਂ ਨਾਲ ਸੰਪਰਕ ਕਰਨ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਵਾਇਆ ਕਿ ਉਹ ਮੁੱਖ ਮੰਤਰੀ ਤਰਫੋਂ ਨਿੱਜੀ ਤੌਰ ‘ਤੇ ਵਿਰੋਧੀ ਧਿਰ ਦੇ ਸਾਰੇ ਆਗੂਆਂ ਤੇ ਐਸ.ਜੀ.ਪੀ.ਸੀ. ਤੱਕ ਪਹੁੰਚ ਕਰਨਗੇ। ਉਨ੍ਹਾਂ ਨੂੰ ਸਿਆਸੀ ਲੀਹਾਂ ਤੋਂ ਉੱਪਰ ਉੱਠ ਕੇ ਇਸ ਮਹਾਨ ਪਵਿੱਤਰ ਸਮਾਰੋਹ ਵਿੱਚ ਸਮੂਹਿਕ ਤੌਰ ‘ਤੇ ਸਮੂਹਲੀਅਤ ਕਰਨ ਵਾਸਤੇ ਮਨਾਉਣਗੇ।