ਚੰਡੀਗੜ੍ਹ: ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਆਪਏ ਸਾਥੀ ਪ੍ਰੇਮ ਲਾਹੌਰੀਆ ਸਮੇਤ ਪੰਜਾਬ ਪੁਲਿਸ ਵੱਲੋਂ ਕੀਤੇ ਐਨਕਾਊਂਟਰ ਵਿੱਚ ਮਾਰੇ ਗਏ। ਜਾਣਕਾਰੀ ਮੁਤਾਬਕ ਪੁਲਿਸ ਨੇ ਰਾਜਸਥਾਨ-ਪੰਜਾਬ ਦੀ ਸਰਹੱਦ ‘ਤੇ ਵਿੱਕੀ ਤੇ ਉਸ ਦੇ ਸਾਥੀਆਂ ਦਾ ਪੁਲਿਸ ਸਾਹਮਣਾ ਹੋਇਆ ਸੀ। ਮੁਕਾਬਲੇ ਦੌਰਾਨ ਪੁਲਿਸ ਦੀ ਗੋਲ਼ੀ ਨਾਲ ਵਿੱਕੀ ਗੌਂਡਰ ਤੇ ਪ੍ਰੇਮ ਲਾਹੌਰੀਆ ਮੌਕੇ ਤੇ ਮਾਰੇ ਗਏ ਤੇ ਉਨ੍ਹਾਂ ਦਾ ਇੱਕ ਸਾਥੀ ਸੁਖਪ੍ਰੀਤ ਬੁੱਧਾ ਜ਼ਖਮੀ ਹੋ ਗਿਆ।
ਵਿੱਕੀ ਗੌਂਡਰ ਚਰਚਿਤ ਨਾਭਾ ਜੇਲ੍ਹ-ਬ੍ਰੇਕ ਕਾਂਡ ਦਾ ਮੁੱਖ ਮੁਲਜ਼ਮ ਹੈ। ਉਹ ਨਵੰਬਰ 2016 ਵਿੱਚ ਜੇਲ੍ਹ ਤੋਂ ਫਰਾਰ ਹੋ ਗਿਆ ਸੀ। ਇਸ ਤੋਂ ਇਲਾਵਾ ਵਿੱਕੀ ਗੌਂਡਰ ਨੇ ਗੈਂਗਸਟਰ ਸੁੱਖਾ ਕਾਹਲੋਂ ਨੂੰ ਪੁਲਿਸ ਹਿਰਾਸਤ ਵਿੱਚ ਹੀ ਕਤਲ ਕਰ ਦਿੱਤਾ ਸੀ। ਮਾਰੇ ਗਏ ਗੈਂਗਸਟਰਾਂ ਦੇ ਸਿਰ ‘ਤੇ ਪੰਜਾਬ ਪੁਲਿਸ ਨੇ ਲੱਖਾਂ ਦਾ ਇਨਾਮ ਰੱਖਿਆ ਹੋਇਆ ਸੀ।
ਡਿਸਕਸ ਥ੍ਰੋਅਰ ਸੀ ਵਿੱਕੀ ਗੌਂਡਰ-
ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਜਿਸ ਦਾ ਨਾਂਅ ਪੰਜਾਬ ਦੇ ਗੈਂਗਸਟਰਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਸੀ। ਮਲੋਟ ਦੇ ਪਿੰਡ ਸਰਾਵਾਂ ਬੋਧਲਾਂ ਦਾ ਰਹਿਣ ਵਾਲਾ ਇਹ ਨੌਜਵਾਨ ਜਲੰਧਰ ਦੇ ਸਪੋਰਟਸ ਸਕੂਲ ਵਿੱਚ ਪੜ੍ਹਦਾ ਸੀ ਤੇ ਨਾਲ ਹੀ ਡਿਸਕਸ-ਥ੍ਰੋਅ ਦਾ ਖਿਡਾਰੀ ਵੀ ਸੀ।
ਗੈਂਗਸਟਰ ਸੁੱਖਾ ਕਾਹਲੋਂ ਨੂੰ 22 ਜਨਵਰੀ 2015 ‘ਚ ਪੁਲਿਸ ਹਿਰਾਸਤ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਵਿੱਕੀ ਗੌਂਡਰ ਮਸ਼ਹੂਰ ਹੋ ਗਿਆ ਸੀ। ਜਲੰਧਰ ਦੇ ਦੋ ਗੈਂਗਾਂ ਦਾ ਸ਼ਿਕਾਰ ਹੋਏ ਗੌਂਡਰ ਨੇ ਜਦ ਸੁੱਖਾ ਕਾਹਲੋਂ ਦਾ ਕਤਲ ਕਰਨ ਤੋਂ ਬਾਅਦ ਪੰਜਾਬ ਵਿੱਚ ਹੋਣ ਵਾਲੀਆਂ ਗੈਂਗਵਾਰ ਅਤੇ ਵੱਡੀਆਂ ਵਾਰਦਾਤਾਂ ਵਿੱਚ ਵਿੱਕੀ ਦਾ ਨਾਂ ਪੁਲਿਸ ਰਿਕਾਰਡ ‘ਤੇ ਚੜ੍ਹਦਾ ਚਲਾ ਗਿਆ।
ਵਿੱਕੀ ਗੌਂਡਰ ਕਿਵੇਂ ਬਣਿਆ ਗੈਂਗਸਟਰ-
ਕਾਲਜ ਵਿੱਚ ਪੜ੍ਹਦੇ ਹੋਏ ਵਿੱਕੀ ਗੌਂਡਰ ਨੇ ਸੁੱਖਾ ਕਾਹਲੋਂ ਦੇ ਗੈਂਗ ਦਾ ਮੈਂਬਰ ਬਣ ਗਿਆ। ਪਰ ਉਨ੍ਹਾਂ ਦੀ ਯਾਰੀ ਦੁਸ਼ਮਣੀ ਵਿੱਚ ਬਦਲ ਗਈ। ਇੱਕ ਦਿਨ ਵਿੱਕੀ ਗੌਂਡਰ ਨੇ ਪੁਲਿਸ ਦੀ ਵੈਨ ਵਿੱਚ ਜਾ ਰਹੇ ਸੁੱਖਾ ਕਹਾਲੋਂ ਨੂੰ ਜਲੰਧਰ ਦੇ ਹਾਈਵੇ ‘ਤੇ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਸੁੱਖੇ ਦੀ ਲਾਸ਼ ਨੇੜੇ ਭੰਗੜਾ ਵੀ ਪਾਇਆ ਸੀ। ਇੱਥੋਂ ਵਿੱਕੀ ਦਾ ਗੈਂਗਸਟਰ ਵਜੋਂ ਸਫਰ ਸ਼ੁਰੂ ਹੋ ਗਿਆ ਸੀ।
1 ਮਈ 2016 ਨੂੰ ਗੈਂਗਸਟਰਾਂ ਨੇ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਜਸਵਿੰਦਰ ਸਿੰਘ ਰੌਕੀ ਦਾ ਹਿਮਾਚਲ ਦੇ ਪਰਵਾਣੂ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਦੋਂ ਵਿੱਕੀ ਨੇ ਰੌਕੀ ਦੀ ਹੱਤਿਆ ਨੂੰ ਆਪਣੇ ਸਾਥੀ ਸ਼ੇਰਾ ਖੁੱਬਣ ਦੇ ਕਤਲ ਦਾ ਬਾਦਲ ਦੱਸਿਆ ਸੀ। ਪੰਜਾਬ ਦੇ ਗੈਂਗਸਟਰਾਂ ਦੀ ਦੁਨੀਆਂ ਵਿੱਚ ਵਿੱਕੀ ਗੌਂਡਰ ਦਾ ਨਾਂਅ ਤੇਜ਼ੀ ਨਾਲ ਉੱਪਰ ਉੱਠਦਾ ਗਿਆ ਤੇ ਉਹ ਪੰਜਾਬ ਪੁਲਿਸ ਦਾ ਮੋਸਟ ਵਾਂਟੇਡ ਗੈਂਗਸਟਰ ਵੀ ਬਣ ਗਿਆ ਸੀ। ਪਿਸਤੌਲ ਦੀ ਨੋਕ ‘ਤੇ ਗੱਡੀਆਂ ਖੋਹਣੀਆਂ ਤੇ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਵਿੱਕੀ ਗੌਂਡਰ ਦੇ ਗਰੁੱਪ ਲਈ ਇੱਕ ਆਮ ਗੱਲ ਹੋ ਗਈ ਸੀ।
ਨਾਭਾ ਜੇਲ੍ਹ ਬ੍ਰੇਕ ਕਾਂਡ-
ਪੰਜਾਬ ਪੁਲਿਸ ਸੁੱਖਾ ਕਾਹਲੋਂ ਦੇ ਕਤਲ ਤੇ ਹੋਰ ਕਈ ਮਾਮਲਿਆਂ ਵਿੱਚ ਗ੍ਰਿਫਤਾਰ ਕਰ ਲਿਆ ਸੀ। ਮਾਮਲਾ ਹਾਲੇ ਅਦਾਲਤ ਵਿੱਚ ਹੀ ਸੀ ਪਰ 27 ਨਵੰਬਰ 2016 ਨੂੰ ਨਾਭਾ ਜੇਲ੍ਹ ਵਿੱਚੋਂ ਫਰਾਰ ਹੋ ਗਿਆ। ਉਸ ਨਾਲ ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਵੀ ਜੇਲ੍ਹ ਵਿੱਚੋਂ ਭੱਜ ਗਿਆ ਸੀ, ਪਰ ਛੇਤੀ ਹੀ ਕਾਬੂ ਆ ਗਿਆ ਸੀ। ਗੌਂਡਰ ਪਿਛਲੇ 13-14 ਮਹੀਨਿਆਂ ਤੋਂ ਪੁਲਿਸ ਦੀਆਂ ਅੱਖਾਂ ਵਿੱਚ ਲਗਾਤਾਰ ਘੱਟਾ ਪਾਉਂਦਾ ਆ ਰਿਹਾ ਸੀ।
ਪੁਲਿਸ ਗੈਂਗਸਟਰਾਂ ਨੂੰ ਕਿਵੇਂ ਕਰ ਰਹੀ ਕਾਬੂ-
ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਇੱਕ ਵਿਸ਼ੇਸ਼ ਟੀਮ (ਆਰਗੇਨਾਈਜ਼ਡ ਕ੍ਰਾਈਮ ਕੰਟ੍ਰੋਲ ਯੂਨਿਟ) ਬਣਾ ਦਿੱਤੀ ਜਿਸ ਸਿਰ ਅਜਿਹੇ ਬਦਮਾਸ਼ਾਂ ‘ਤੇ ਕਾਬੂ ਪਾਉਣ ਦਾ ਜ਼ਿੰਮਾ ਸੀ। ਨਾਭਾ ਜੇਲ੍ਹ ਵਿੱਚੋਂ ਫਰਾਰ ਹੋਣ ਤੋਂ ਬਾਅਦ ਵਿੱਕੀ ਗੌਂਡਰ ਫੇਸਬੁੱਕ ‘ਤੇ ਗੱਲਬਾਤ ਕਰਦਾ ਰਹਿੰਦਾ ਸੀ ਪਰ ਪੁਲਿਸ ਦੇ ਹੱਥ ਵਿੱਚ ਨਹੀਂ ਆ ਰਿਹਾ ਸੀ। ਅੱਜ ਪੁਲਿਸ ਨੇ ਉਸ ਨੂੰ ਮੁਕਾਬਲੇ ਦੌਰਾਨ ਖ਼ਤਮ ਕਰ ਦਿੱਤਾ।
ਪ੍ਰੇਮਾ ਲਾਹੌਰੀਆ ਤੇ ਗੌਂਡਰ ਦਾ ਕੁਨੈਕਸ਼ਨ-
ਵਿੱਕੀ ਗੌਂਡਰ ਤੇ ਸਾਥੀਆਂ ਨੂੰ ਨਾਭਾ ਜੇਲ੍ਹ ਵਿੱਚੋਂ ਭਜਾਉਣ ਵਾਲਾ ਪ੍ਰੇਮਾ ਲਾਹੌਰੀਆ ਸੀ। ਨਾਭਾ ਜੇਲ੍ਹ ਬ੍ਰੇਕ ਕਾਂਡ ਦੀ ਸਾਰੀ ਸਾਜਿਸ਼ ਲਾਹੌਰੀਆ ਨੇ ਘੜੀ ਸੀ। ਵਿੱਕੀ ਗੌਂਡਰ ਦਾ ਖਾਸ ਪ੍ਰੇਮਾ ਲਾਹੌਰੀਆ ਜਲੰਧਰ ਦਾ ਰਹਿਣ ਵਾਲਾ ਸੀ ਤੇ ਵਿੱਕੀ ਦਾ ਪੁਰਾਣਾ ਸਾਥੀ ਸੀ। ਸੁੱਖਾ ਕਾਹਲੋਂ ਦੇ ਕਤਲ ਤੋਂ ਬਾਅਦ ਪ੍ਰੇਮ ਲਾਹੌਰੀਆ ਵੀ ਵਿੱਕੀ ਨਾਲ ਭੰਗੜਾ ਪਾਉਣ ਸਮੇਂ ਉੱਥੇ ਹੀ ਮੌਜੂਦ ਸੀ।