ਵੱਡੇ ਸਿਆਸੀ ਸੰਕਟ ‘ਚ ਘਿਰੀ ‘ਆਪ’

0
538

ਚੰਡੀਗੜ੍ਹ: ਅਗਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਵੀ ਝਟਕੇ ਲੱਗਣ ਜਾ ਰਹੇ ਹਨ। ਐਚਐਸ ਫੂਲਕਾ ਤੇ ਸੁਖਪਾਲ ਖਹਿਰਾ ਮਗਰੋਂ ਹੋਰ ਵਿਧਾਇਕ ਵੀ ਪਾਰਟੀ ਛੱਡ ਸਕਦੇ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ‘ਆਪ’ ਤੋਂ ਵਿਰੋਧੀ ਧਿਰ ਦਾ ਦਰਜਾ ਵੀ ਖੁੱਸ ਸਕਦਾ ਹੈ। ਆਮ ਆਦਮੀ ਪਾਰਟੀ ਲਈ ਇਹ ਵੱਡਾ ਸਿਆਸੀ ਸੰਕਟ ਹੋਏਗਾ। ਇਸ ਸੰਕਟ ਵਿੱਚੋਂ ਨਿਕਲਣ ਲਈ ਪਾਰਟੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।

ਦਰਅਸਲ ਪਾਰਟੀ ’ਚੋਂ ਮੁਅੱਤਲ ਸੁਖਪਾਲ ਖਹਿਰਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਖਹਿਰਾ ਅੱਠ ਜਨਵਰੀ ਨੂੰ ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਹਨ। ਹੁਣ ਚਰਚਾ ਹੈ ਕਿ ਅਗਲੇ ਦਿਨਾਂ ਵਿੱਚ ਖਹਿਰਾ ਧੜੇ ਦੇ ਦੂਜੇ ਵਿਧਾਇਕ ਵੀ ਅਸਤੀਫਾ ਦੇ ਸਕਦੇ ਹਨ। ਇਨ੍ਹਾਂ ਅਸਤੀਫਿਆਂ ਮਗਰੋਂ ਜੇਕਰ ਪਾਰਟੀ ਇਨ੍ਹਾਂ ਲੀਡਰਾਂ ਦੀ ਵਿਧਾਇਕੀ ਰੱਦ ਕਰਵਾਉਂਦੀ ਹੈ ਤਾਂ ਪਾਰਟੀ ਕੋਲੋਂ ਵਿਰੋਧੀ ਧਿਰ ਦਾ ਦਰਜਾ ਖੁਸ ਸਕਦਾ ਹੈ।

ਇਸ ਵੇਲੇ ਕਾਂਗਰਸ ਕੋਲ 78, ਅਕਾਲੀ ਦਲ ਕੋਲ 14, ਬੀਜੇਪੀ ਕੋਲ 3 ਤੇ ਲੋਕ ਇਨਸਾਫ ਪਾਰਟੀ ਕੋਲ 2 ਵਿਧਾਇਕ ਹਨ। ਆਮ ਆਦਮੀ ਪਾਰਟੀ ਨੇ 20 ਸੀਟਾਂ ਜਿੱਤੀਆਂ ਸਨ ਜਿਨ੍ਹਾਂ ਵਿੱਚੋਂ ਖਹਿਰਾ ਧੜੇ ਕੋਲ ਸੱਤ ਵਿਧਾਇਕ ਹਨ ਤੇ ਐਚਐਸ ਫੂਲਕਾ ਅਸਤੀਫਾ ਦੇ ਚੁੱਕੇ ਹਨ। ਜੇਕਰ ਖਹਿਰਾ ਧੜੇ ਦੇ ਸਾਰੇ ਵਿਧਾਇਕ ਪਾਰਟੀ ਛੱਡ ਦਿੰਦੇ ਹਨ ਤਾਂ ਆਮ ਆਦਮੀ ਪਾਰਟੀ 12 ਵਿਧਾਇਕ ਹੀ ਬਚਣਗੇ ਜਿਸ ਕਰਕੇ ਉਸ ਕੋਲੋਂ ਵਿਰੋਧੀ ਧਿਰ ਦਾ ਦਰਜਾ ਖੁੱਸ ਸਕਦਾ ਹੈ।

ਇਸ ਬਾਰੇ ਖਹਿਰਾ ਧੜੇ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵਿਧਾਇਕ ਕੰਵਰ ਸੰਧੂ ਤੇ ਹੋਰ ਵਿਧਾਇਕਾਂ ਨਾਲ ਗੱਲ ਹੋਈ ਹੈ। ਉਹ ਮੀਟਿੰਗ ਕਰਕੇ ਆਪਣੀ ਅਗਲੀ ਰਣਨੀਤੀ ਬਣਾਉਣਗੇ। ਬਾਗ਼ੀ ਧਿਰ ਨਾਲ ਖਹਿਰਾ, ਸੰਧੂ ਤੇ ਮਾਨਸ਼ਾਹੀਆ ਤੋਂ ਇਲਾਵਾ ਵਿਧਾਇਕ ਮਾਸਟਰ ਬਲਦੇਵ ਸਿੰਘ, ਪਿਰਮਲ ਸਿੰਘ, ਜਗਤਾਰ ਸਿੰਘ ਜੱਗਾ ਤੇ ਜਗਦੇਵ ਸਿੰਘ ਕਮਾਲੂ ਜੁੜੇ ਹਨ।