ਅੰਮ੍ਰਿਤਸਰ -ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅੱਜ ਅਸਤੀਫਾ ਦੇ ਦਿੱਤਾ ਹੈ। ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਦੇ ਨਾਂ ‘ਤੇ ਭੇਜੇ ਗਏ ਅਸਤੀਫੇ ਵਿਚ ਚੱਢਾ ਨੇ ਕਿਹਾ ਕਿ ਉਹ ਗੁਰੂ-ਮਰਿਆਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜੇ ਹੋਏ ਹਨ। ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਵਰਣਨਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਚੱਢਾ ਨੂੰ 5 ਸਿੰਘ ਸਾਹਿਬਾਨ ਦੀ ਮੀਟਿੰਗ ਵਿਚ 23 ਜਨਵਰੀ ਨੂੰ ਤਲਬ ਕੀਤਾ ਗਿਆ ਹੈ । ਉਸ ਤੋਂ ਪਹਿਲਾਂ ਹੀ ਜਥੇਦਾਰ ਵਲੋਂ ਉਨ੍ਹਾਂ ਨੂੰ ਦੀਵਾਨ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ। ਯਾਦ ਰਹੇ ਕਿ ਚੱਢਾ 2004 ਤੋਂ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਦੇ ਅਹੁਦੇ ‘ਤੇ ਬਿਰਾਜਮਾਨ ਸਨ।