ਖਹਿਰਾ ਤੇ ਮਾਨ ਦਾ ਹੱਥ ਮਿਲਵਾਉਣਗੇ ??

0
578

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਆਮ ਆਦਮੀ ਪਾਰਟੀ ਤੇ ਪੰਜਾਬੀ ਏਕਤਾ ਪਾਰਟੀ ਦੇ ਮੋਹਰੀ ਲੀਡਰ ਯਾਨੀ ਭਗਵੰਤ ਮਾਨ ਤੇ ਸੁਖਪਾਲ ਖਹਿਰਾ ਨੂੰ ਇਕੱਠੇ ਕਰਨਗੇ। ਇਸ ਦਾ ਖੁਲਾਸਾ ਬ੍ਰਹਮਪੁਰਾ ਨੇ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ।

ਸਵਾਲ ਦੇ ਜਵਾਬ ਵਿੱਚ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਆਮ ਆਦਮੀ ਪਾਰਟੀ ਤੇ ਸੁਖਪਾਲ ਖਹਿਰਾ ਧੜੇ ਨੂੰ ਸਾਂਝੀ ਸਲਾਹ ਦਿੱਤੀ ਸੀ ਕਿ ਪੰਜਾਬ ਵਿੱਚ ਚੋਣਾਂ ਇੱਕੋ ਪੱਧਰ ‘ਤੇ ਆ ਕੇ ਲੜੀਆਂ ਜਾਣ। ਬ੍ਰਹਮਪੁਰਾ ਨੇ ਇਹ ਵੀ ਕਿਹਾ ਖਹਿਰਾ ਤੇ ਮਾਨ ਇਸ ਸੁਝਾਅ ‘ਤੇ ਰਾਜ਼ੀ ਵੀ ਸਨ। ਉੱਧਰ, ਸੁੱਚਾ ਸਿੰਘ ਛੋਟੇਪੁਰ ਨੇ ਵੀ ਇਸ ਤੀਜੇ ਬਦਲ ਦੀ ਹਮਾਇਤ ਕੀਤੀ ਤੇ ਕਿਹਾ ਇਕੱਠੇ ਲੜਨ ‘ਚ ਫਾਇਦਾ ਹੈ, ਵੱਖ-ਵੱਖ ਲੜ ਕੇ ਤਾਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ।

ਬ੍ਰਹਮਪੁਰਾ ਨੇ ਕਿਹਾ ਕਿ ਉਹ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਜਾਣ ਨੂੰ ਤਿਆਰ ਹਨ, ਬਸ਼ਰਤੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਉਹ ਆਨੰਦਪੁਰ ਸਾਹਿਬ ਮਤੇ ਨੂੰ ਸਮਰਥਨ ਦਿੰਦੇ ਹਨ। ਬ੍ਰਹਮਪੁਰਾ ਨੇ ਇਸ ਮਤੇ ਨੂੰ ਸਾਰਥਕ ਜਮਹੂਰੀ ਢਾਂਚੇ ਦੀ ਸੱਚਮੁੱਚ ਪ੍ਰੋੜਤਾ ਕਰਨ ਵਾਲਾ ਫੈਸਲਾ ਕਰਾਰ ਦਿੱਤਾ।

ਇਸ ਮਤੇ ਤਹਿਤ ਹੀ ਪੰਜਾਬ ਨੂੰ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਪਾਣੀਆਂ ‘ਤੇ ਨਿਰੋਲ ਹੱਕ, ਸਿਰਫ਼ ਪੰਜ ਸਰਕਾਰੀ ਵਿਭਾਗਾਂ ਵਿੱਚ ਕੇਂਦਰ ਦੀ ਦਖ਼ਲਅੰਦਾਜ਼ੀ ਆਦਿ ਮੁੱਖ ਮੰਗਾਂ ਹਨ। ਟਕਸਾਲੀ ਲੀਡਰ ਆਉਂਦੀਆਂ ਲੋਕ ਸਭਾ ਚੋਣਾਂ ਲੜਨ ਤਿਆਰੀਆਂ ਵਿੱਢੀ ਬੈਠੇ ਹਨ ਤੇ ਸਿੱਖ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।