ਨਵੀਂ ਦਿੱਲੀ — ਪਾਕਿ ਦੀ ਜੇਲ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਮਾਮਲੇ ‘ਚ ਇਕ ਨਵਾਂ ਖੁਲਾਸਾ ਹੋਇਆ ਹੈ। ਇਕ ਬਲੋਚ ਆਗੂ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਇਸ਼ਾਰੇ ‘ਤੇ ਇਰਾਨ ਦੇ ਚਾਬਹਾਰ ਤੋਂ ਕੁਲਭੂਸ਼ਣ ਜਾਧਵ ਨੂੰ ਅਗਵਾ ਕੀਤਾ ਗਿਆ।
ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਬਲੋਚ ਕਾਰਕੁੰਨ ਮਾਮਾ ਕਦੀਰ ਨੇ ਇਹ ਸਨਸਨੀਖੇਜ਼ ਦਾਅਵਾ ਕੀਤਾ ਹੈ। ਕਦੀਰ ਅਨੁਸਾਰ ਬਚੋਚਿਸਤਾਨ ‘ਚ ਆਈ. ਐੱਸ. ਆਈ. ਲਈ ਕੰਮ ਕਰਨ ਵਾਲੇ ਮੁੱਲਾ ਉਮਰ ਬਲੋਚ ਈਰਾਨੀ ਨੇ ਚਾਵਹਾਰ ਤੋਂ ਕੁਲਭੂਸ਼ਣ ਨੂੰ ਅਗਵਾ ਕੀਤਾ। ਕਦੀਰ ਨੇ ‘ਵਾਈਸ ਆਫ ਮਿਸਿੰਗ ਬਲੋਚਿਸ’ ਸੰਗਠਨ ਦੇ ਇਕ ਕਾਰਕੁੰਨ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ। ਕਦੀਰ ਇਸ ਸੰਗਠਨ ਦੇ ਉਪ ਪ੍ਰਧਾਨ ਹਨ। ਉਨ੍ਹਾਂ ਅਨਸਾਰ ਸੰਗਠਨ ਦਾ ਕਾਰਕੁੰਨ ਕੁਲਭੂਸ਼ਣ ਦੇ ਅਗਵਾ ਦਾ ਚਸ਼ਮਦੀਦ ਹੈ। ਕਦੀਰ ਨੇ ਕਿਹਾ ਕਿ ਇਸ ਕੰਮ ਲਈ ਆਈ. ਐੱਸ. ਆਈ. ਨੇ ਮੁੱਲਾ ਉਮਰ ਨੂੰ ਕਰੋੜਾਂ ਰੁਪਏ ਦਾ ਭੁਗਤਾਨ ਵੀ ਕੀਤਾ ਹੈ। ਬਲੋਚ ਆਗੂ ਨੇ ਇਕ ਕਾਰਕੁੰਨ ਦੇ ਹਵਾਲੇ ਨਾਲ ਕੁਲਭੂਸ਼ਣ ਦੇ ਅਗਵਾ ਦੀ ਪੂਰੀ ਕਹਾਣੀ ਦੱਸੀ ਹੈ।
ਕਦੀਰ ਅਨੁਸਾਰ ਕੁਲਭੂਸ਼ਣ ਦੇ ਹੱਥ-ਪੈਰ ਬੰਨ੍ਹੇ ਸਨ ਅਤੇ ਅੱਖਾਂ ‘ਤੇ ਪੱਟੀ ਸੀ। ਧੱਕਾ ਦੇ ਕੇ ਕੁਲਭੂਸ਼ਣ ਨੂੰ ਇਕ ਗੱਡੀ ‘ਚ ਸੁੱਿਟਆ ਗਿਆ। ਚਾਬਹਾਰ ਤੋਂ ਕੁਲਭੂਸ਼ਣ ਨੂੰ ਈਰਾਨ-ਬਲੋਚਿਸਤਾਨ ਦੀ ਸਰਹੱਦ ਦੇ ਸ਼ਹਿਰ ਮਸ਼ਕੀਤ ਲਿਆਂਦਾ ਗਿਆ। ਉਥੋਂ ਉਸ ਨੂੰ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਲਿਆਂਦਾ ਗਿਆ ਅਤੇ ਫਿਰ ਇਸਲਾਮਾਬਾਦ ਪਹੁੰਚਾਇਆ।