ਨਵੀਂ ਦਿੱਲੀ-ਅਮੇਜ਼ਨ ਦੇ ਬਾਨੀ ਅਤੇ ਸੀ. ਈ. ਓ. ਜੈੱਫ ਬੇਜ਼ੋਸ 141.9 ਅਰਬ ਡਾਲਰ ਦੀ ਕੁਲ ਜਾਇਦਾਦ ਨਾਲ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ। ਫੋਰਬਸ ਨੇ ਸੋਮਵਾਰ ਨੂੰ ਵਿਸ਼ਵ ਦੇ ਅਰਬਪਤੀਆਂ ਦੀ ਇਕ ਲਿਸਟ ਜਾਰੀ ਕੀਤੀ ਸੀ, ਜਿਸ ‘ਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਜੈੱਫ ਬੇਜ਼ੋਸ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਹਨ। ਬੇਜ਼ੋਸ ਨੇ ਮਾਈਕ੍ਰੋਸਾਫਟ ਦੇ ਬਾਨੀ ਬਿਲ ਗੇਟਸ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਕ ਜੂਨ ਤੋਂ ਬੇਜ਼ੋਸ ਦੀ ਜਾਇਦਾਦ ‘ਚ 5 ਅਰਬ ਡਾਲਰ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਬਿਲ ਗੇਟਸ ਦੀ ਜਾਇਦਾਦ 92.9 ਅਰਬ ਡਾਲਰ ਹੈ।
ਉਥੇ ਹੀ ਵਾਰੇਨ ਬਫੇ 82.2 ਅਰਬ ਡਾਲਰ ਦੀ ਕੁਲ ਜਾਇਦਾਦ ਦੇ ਨਾਲ ਤੀਸਰੇ ਸਥਾਨ ‘ਤੇ ਹਨ। ਬੇਜ਼ੋਸ ਅਧਿਕਾਰਕ ਤੌਰ ‘ਤੇ ਇਸ ਸਾਲ ਦੀ ਸ਼ੁਰੂਆਤ ‘ਚ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਸਨ ਅਤੇ ਉਨ੍ਹਾਂ ਦੀ ਆਨਲਾਈਨ ਰਿਟੇਲਰ ਅਮੇਜ਼ਨ ਕੰਪਨੀ ਐੱਪਲ ਤੋਂ ਬਾਅਦ ਦੂਜੀ ਸਭ ਤੋਂ ਜ਼ਿਆਦਾ ਲਾਭ ਕਮਾਉਣ ਵਾਲੀ ਕੰਪਨੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 27 ਜੁਲਾਈ ਨੂੰ ਵੀ ਅਮੇਜ਼ਨ ਦੇ ਸ਼ੇਅਰ ਵਧਣ ਤੋਂ ਬਾਅਦ ਬੇਜ਼ੋਸ ਦੀ ਜਾਇਦਾਦ ਬਿਲ ਗੇਟਸ ਨਾਲੋਂ ਜ਼ਿਆਦਾ ਹੋ ਗਈ ਸੀ ਪਰ ਦਿਨ ਖਤਮ ਹੁੰਦੇ-ਹੁੰਦੇ ਅਮੇਜ਼ਨ ਦੇ ਸ਼ੇਅਰਾਂ ਦਾ ਮੁੱਲ ਡਿੱਗ ਗਿਆ। ਇਸ ਕਾਰਨ ਬੇਜ਼ੋਸ ਫਿਰ ਨੰਬਰ ਦੋ ‘ਤੇ ਆ ਗਏ ਸਨ।