ਹਾਂਗਕਾਂਗ: ਪੂਰਬੀ ਚੀਨ ਦੇ ਸਮੁੰਦਰੀ ਤੱਟ ਦੇ ਕੋਲ ਤੇਲ ਟੈਂਕਰ ਅਤੇ ਮਾਲਵਾਹਕ ਜਹਾਜ਼ ਆਪਸ ਵਿਚ ਟਕਰਾ ਗਏ। ਇਸ ਦੁਰਘਟਨਾ ਵਿਚ 32 ਅਮਲੇ ਦੇ ਮੈਂਬਰ ਲਾਪਤਾ ਹਨ। ਇਨ੍ਹਾਂ ਵਿਚੋਂ 30 ਈਰਾਨ ਅਤੇ ਦੋ ਬੰਗਲਾਦੇਸ਼ ਦੇ ਹਨ।
ਪਨਾਮਾ ਵਿਚ ਰਜਿਸਟਰਡ ਤੇਲ ਟੈਂਕਰ ਵਿਚ ਇਕ ਲੱਖ 36 ਹਜ਼ਾਰ ਟਨ ਤੇਲ ਲੱਦਿਆ ਸੀ। ਇਹ ਸ਼ਨਿਚਰਵਾਰ ਰਾਤ ਕਰੀਬ ਅੱਠ ਵਜੇ ਹਾਂਗਕਾਂਗ ਦੇ ਮਾਲਵਾਹਕ ਜਹਾਜ਼ ਨਾਲ ਜਾ ਟਕਰਾਇਆ। ਟੱਕਰ ਨਾਲ ਟੈਂਕਰ ਅਤੇ ਜਹਾਜ਼ ਵਿਚ ਅੱਗ ਲੱਗ ਗਈ। ਹਾਦਸਾ ਯਾਂਗਤਜੀ ਨਦੀ ਦੇ ਤੱਟ ਤੋਂ ਪੂਰਬ ਵਿਚ 180 ਮੀਲ ਦੂਰ ਹੋਇਆ। ਮਾਲਵਾਹਕ ਜਹਾਜ਼ ਦੇ ਸਾਰੇ 21 ਲੋਕਾਂ ਨੂੰ ਬਚਾ ਲਿਆ ਗਿਆ ਹੈ ਪ੍ਰੰਤੂ ਤੇਲ ਟੈਂਕਰ ਦੇ ਅਮਲੇ ਦੇ ਮੈਂਬਰ ਅਜੇ ਤਕ ਲਾਪਤਾ ਹਨ।
ਰਾਹਤ ਅਤੇ ਬਚਾਅ ਕੰਮਾਂ ਲਈ ਚੀਨੀ ਅਧਿਕਾਰੀਆਂ ਨੇ ਅੱਠ ਜਹਾਜ਼ ਰਵਾਨਾ ਕੀਤੇ ਹਨ। ਦੱਖਣੀ ਕੋਰੀਆ ਵੀ ਰਾਹਤ ਅਤੇ ਬਚਾਅ ਕੰਮਾਂ ਵਿਚ ਮਦਦ ਲਈ ਅੱਗੇ ਆਇਆ ਹੈ। ਉਸ ਨੇ ਆਪਣੇ ਤੱਟ ਰਖਿਅਕ ਜਹਾਜ਼ ਅਤੇ ਇਕ ਜਹਾਜ਼ ਭੇਜਿਆ ਹੈ। ਦੱਖਣੀ ਕੋਰੀਆ ਨੇ ਚੀਨ ਦੇ ਅਧਿਕਾਰੀਆਂ ਨਾਲ ਸੰਪਰਕ ਬਣਾਇਆ ਹੋਇਆ ਹੈ।