ਕੌਮਾਂਤਰੀ ਪਰਵਾਸ ’ਚ ਭਾਰਤ ਅੱਵਲ: ਯੂਐਨ

0
495

ਸੰਯੁਕਤ ਰਾਸ਼ਟਰ :  ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਕੌਮਾਂਤਰੀ ਪਰਵਾਸ ਵਿੱਚ ਭਾਰਤ ਮੋਹਰੀ ਰਿਹਾ ਹੈ। ਭਾਰਤ ਦੇ 1.70 ਕਰੋੜ ਲੋਕਾਂ ਨੇ ਬੇਗਾਨੇ ਮੁਲਕਾਂ ਵੱਲ ਰੁਖ਼ ਕੀਤਾ ਹੈ ਅਤੇ ਇਕੱਲੇ ਖਾੜੀ ਖੇਤਰ ਵਿੱਚ ਤਕਰੀਬਨ 50 ਲੱਖ ਭਾਰਤੀ ਰਹਿੰਦੇ ਹਨ। ਇਥੇ ਜਾਰੀ ਕੀਤੀ ਗਈ 2017 ਕੌਮਾਂਤਰੀ ਪਰਵਾਸ ਰਿਪੋਰਟ ਮੁਤਾਬਕ ਮੈਕਸਿਕੋ, ਰੂਸ, ਚੀਨ, ਬੰਗਲਾਦੇਸ਼, ਸੀਰੀਆ, ਪਾਕਿਸਤਾਨ ਅਤੇ ਯੂਕਰੇਨ ਦੇ ਵੀ ਵੱਡੀ ਗਿਣਤੀ ਲੋਕਾਂ ਨੇ ਹੋਰ ਮੁਲਕਾਂ ਵਿੱਚ ਪਰਵਾਸ ਕੀਤਾ ਹੈ। ਇਨ੍ਹਾਂ ਮੁਲਕਾਂ ਦੇ ਵਿਦੇਸ਼ ਵਸੇ ਲੋਕਾਂ ਦੀ ਗਿਣਤੀ 60 ਲੱਖ ਤੋਂ 1.10 ਕਰੋੜ ਦਰਮਿਆਨ ਹੈ।
2017 ਵਿੱਚ ਭਾਰਤੀ ਪਰਵਾਸੀਆਂ ਦੀ ਗਿਣਤੀ 1.70 ਕਰੋੜ ਰਹੀ ਹੈ, ਜੋ ਸਭ ਤੋਂ ਵੱਧ ਹੈ। ਇਸ ਬਾਅਦ ਮੈਕਸਿਕੋ ਦਾ ਨੰਬਰ ਆਉਂਦਾ ਹੈ, ਜਿਸ ਦੇ 1.30 ਕਰੋੜ ਲੋਕਾਂ ਨੇ ਪਰਵਾਸ ਕੀਤਾ ਹੈ। ਰੂਸ ਦੇ 1.10 ਕਰੋੜ, ਚੀਨ ਦੇ ਇਕ ਕਰੋੜ, ਬੰਗਲਾਦੇਸ਼ ਦੇ 70 ਲੱਖ, ਸੀਰੀਆ ਦੇ 70 ਲੱਖ, ਪਾਕਿਸਤਾਨ ਤੇ ਯੂਕਰੇਨ ਦੇ 60-60 ਲੱਖ ਲੋਕਾਂ ਨੇ ਬੇਗਾਨੇ ਮੁਲਕਾਂ ਵਿੱਚ ਡੇਰੇ ਲਾਏ ਹਨ। ਇਸ ਰਿਪੋਰਟ ਮੁਤਾਬਕ 30 ਲੱਖ ਭਾਰਤੀ ਯੂਏਈ ਵਿੱਚ ਰਹਿੰਦੇ ਹਨ। ਅਮਰੀਕਾ ਤੇ ਸਾਊਦੀ ਅਰਬ ਵਿੱਚ 20-20 ਲੱਖ ਭਾਰਤੀਆਂ ਨੇ ਪਰਵਾਸ ਕੀਤਾ ਹੈ।
ਟਿਕਾਊ ਵਿਕਾਸ ਲਈ 2030 ਏਜੰਡਾ ਲਾਗੂ ਕਰਨ ਅੱਗੇ ਕੌਮਾਂਤਰੀ ਪਰਵਾਸ ਗੰਭੀਰ ਚਿੰਤਾ ਦਾ ਵਿਸ਼ਾ ਹੈ। ਯੂਐਨ ਦੇ ਆਰਥਿਕ ਤੇ ਸਮਾਜਿਕ ਮਾਮਲੇ ਬਾਰੇ ਵਿਭਾਗ ਦੇ ਅਧੀਨ ਸਕੱਤਰ ਜਨਰਲ ਲਿਊ ਜ਼ੇਂਮਿਨ ਨੇ ਕਿਹਾ, ‘ਕੌਮਾਂਤਰੀ ਪਰਵਾਸੀਆਂ ਦੀ ਗਿਣਤੀ ਬਾਰੇ ਇਹ ਅਨੁਮਾਨ ਮੈਂਬਰ ਦੇਸ਼ਾਂ ਲਈ ਅਹਿਮ ਰਹੇਗੀ ਕਿਉਂਕਿ ਉਨ੍ਹਾਂ ਵੱਲੋਂ ਸੁਰੱਖਿਅਤ ਅਤੇ ਨੇਮਬੱਧ ਪਰਵਾਸ ਬਾਰੇ ਗੱਲਬਾਤ ਕੀਤੀ ਜਾਂਦੀ ਹੈ।’ ਇਸ ਰਿਪੋਰਟ ਮੁਤਾਬਕ ਕੌਮਾਂਤਰੀ ਪਰਵਾਸ ਨੇ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਆਬਾਦੀ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ ਅਤੇ ਕੁੱਝ ਮੁਲਕਾਂ ਜਾਂ ਇਲਾਕਿਆਂ ’ਚ ਆਬਾਦੀ ਦੇ ਵਾਧੇ ਨੂੰ ਰੋਕਿਆ ਹੈ।    -ਪੀਟੀਆਈ