ਨਵੀਂ ਦਿੱਲੀ: ਅਹਿਮ ਲੋਕਾਂ ਦੀਆਂ ਜਿੰਦਗੀਆਂ ਤੇ ਫਿਲਮਾਂ ਬਣਦੀਆਂ ਤੇ ਚੰਗੀ ਕਮਾਈ ਕਰਦੀਆਂ ਆ ਰਹੀਆਂ ਹਨ। ਇਸੇ ਲੜ੍ਹੀ ਦੌਰਾਨ ਹੁਣ ਰਾਮ ਜੇਠਮਲਾਨੀ ਦੀ ਜ਼ਿੰਦਗੀ ‘ਤੇ ਫਿਲਮ ਬਣਾਈ ਜਾ ਰਹੀ ਹੈ।
ਇਹ ਤਾਂ ਜੱਗ ਜ਼ਾਹਰ ਹੈ ਕਿ ਰਾਮ ਜੇਠਮਲਾਨੀ ਮੁਲਕ ਦੇ ਸੱਭ ਤੋਂ ਵੱਡੇ ਵਕੀਲਾਂ ‘ਚੋਂ ਇਕ ਹਨ। ਉਨ੍ਹਾਂ ਨੇ ਹੁਣ ਤੱਕ ਕਈ ਵੱਡੇ ਕੇਸ ਲੜੇ ਅਤੇ ਜਿੱਤੇ ਹਨ। ਬਹੁਤ ਘੱਟ ਲੋਕਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਬਾਰੇ ਬਹੁਤਾ ਪਤਾ ਹੋਵੇਗਾ। ਇਸੇ ਲਈ ਹੁਣ ਉਨ੍ਹਾਂ ਦੀ ਜ਼ਿੰਦਗੀ ‘ਤੇ ਬਾਇਓਪਿਕ ਬਣਨ ਜਾ ਰਹੀ ਹੈ।
ਦਰਅਸਲ 94 ਸਾਲ ਦੇ ਰਾਮ ਜੇਠਮਲਾਨੀ ‘ਤੇ ਬਣਨ ਵਾਲੀ ਫ਼ਿਲਮ ‘ਚ ਬਾਲੀਵੁੱਡ ਐਕਟਰ ਕੁਨਾਲ ਖੇਮੂ ਉਨ੍ਹਾਂ ਨੂੰ ਰੋਲ ਨਿਭਾਉਣਗੇ। ਸੋਹਾ ਅਲੀ ਖਾਨ, ਕੁਨਾਲ, ਰੋਨੀ ਸਕਰੂਵਾਲਾ ਦੇ ਨਾਲ ਇਸ ਫ਼ਿਲਮ ਨੂੰ ਪ੍ਰੋਡਿਊਸ ਕਰਨਗੇ।
ਮੀਡੀਆ ਰਿਪੋਰਟਸ ਮੁਤਾਬਕ- ਫ਼ਿਲਮ ਬਨਾਉਣ ਵਾਲਿਆਂ ਦਾ ਕਹਿਣਾ ਹੈ ਕਿ ਜੇਠਮਲਾਨੀ ਨੇ ਆਪਣੀ ਜ਼ਿੰਦਗੀ ‘ਤੇ ਬਣਨ ਵਾਲੀ ਫ਼ਿਲਮ ਦੀ ਪਰਮੀਸ਼ਨ ਦੇ ਦਿੱਤੀ ਹੈ। ਫਿਲਮ ‘ਚ ਜੇਠਮਲਾਨੀ ਦੀ ਜ਼ਿੰਦਗੀ ਨਾਲ ਜੁੜੇ ਪਾਜ਼ੀਟਿਵ ਅਤੇ ਨਕਾਰਾਤਮਕ ਪਹਿਲੂ ਵੀ ਵਿਖਾਏ ਜਾਣਗੇ। ਦੱਸ ਦੇਈਏ ਕਿ ਰਾਮ ਜੇਠਮਲਾਨੀ ਦੀ ਪਰਸਨਲ ਲਾਇਫ ਵੀ ਕਾਫੀ ਚਰਚਾ ‘ਚ ਰਹੀ ਹੈ।
ਦੱਸ ਦੇਈਏ ਕਿ ਰਾਮ ਜੇਠਮਲਾਨੀ ਨੇ ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਦੇ ਕਾਤਲਾਂ ਤੋਂ ਲੈ ਕੇ ਚਾਰਾ ਘੋਟਾਲੇ ਮਾਮਲੇ ‘ਚ ਆਰੋਪੀ ਲਾਲੂ ਪ੍ਰਸਾਦ ਯਾਦਵ ਤੱਕ ਦਾ ਕੇਸ ਲੜਿਆ ਹੈ। ਇਸ ਤੋਂ ਇਲਾਵਾ ਉਹ ਸੰਸਦ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਅਫ਼ਜ਼ਲ ਗੁਰੂ ਤੋਂ ਲੈ ਕੇ ਸੋਹਰਾਬੁਦੀਨ ਐਨਕਾਉਂਟਰ ਮਾਮਲੇ ‘ਚ ਅਮਿਤ ਸ਼ਾਹ ਦੇ ਵਕੀਲ ਵੀ ਰਹਿ ਚੁੱਕੇ ਹਨ।