ਯੰਗੂਨ, 23 ਨਵੰਬਰ (ਏਜੰਸੀ)-ਮਿਆਂਮਾਰ ਤੇ ਬੰਗਲਾਦੇਸ਼ ਵਿਚਾਲੇ ਅੱਜ ਰੋਹਿੰਗਆ ਮੁਸਲਮਾਨਾਂ ਦੀ ਦੇਸ਼ ਵਾਪਸੀ ਸਬੰਧੀ ਇਕ ਸਮਝੌਤਾ ਹੋਇਆ ਹੈ | ਮਿਆਂਮਾਰ ਦੀ ਸੈਨਾ ਵਲੋਂ ਰਾਖਿਨੇ ਸੂਬੇ ‘ਚ ਮਾਰੇ ਜਾ ਰਹੇ ਛਾਪਿਆਂ ਕਾਰਨ ਅਗਸਤ ਮਹੀਨੇ ਤੋਂ ਪੈਦਾ ਹੋਈ ਅਰਾਜਕਤਾ ਦੀ ਸਥਿਤੀ ਦੇ ਚੱਲਦਿਆਂ 6,20,000 ਤੋਂ ਵੱਧ ਰੋਹਿੰਗਆ ਮੁਸਲਮਾਨ ਸਰਹੱਦ ਪਾਰ ਕਰ ਬੰਗਲਾਦੇਸ਼ ਆ ਗਏ ਸਨ | ਵਿਸ਼ਵ ਪੱਧਰ ‘ਤੇ ਮਿਆਂਮਾਰ ਿਖ਼ਲਾਫ਼ ਰੋਹਿੰਗਆ ਸ਼ਰਨਾਰਥੀਆਂ ਬਾਰੇ ਦਬਾਅ ਬਣ ਰਿਹਾ ਸੀ, ਅਮਰੀਕਾ ਤੇ ਸੰਯੁਕਤ ਰਾਸ਼ਟਰ ਨੇ ਇਸ ਨੂੰ ਸਿੱਧਾ ਧਾਰਮਿਕ ਭੇਦ-ਭਾਵ ਦੱਸਿਆ ਸੀ | ਕਈ ਹਫ਼ਤਿਆਂ ਦੇ ਦੁਪਾਸੜ ਅੜਿੱਕੇ ਤੋਂ ਬਾਅਦ ਅਖੀਰ ਅੱਜ ਦੋਵੇਂ ਧਿਰਾਂ ਰਾਜਧਾਨੀ ਨੇਪਾਈਡਾ ‘ਚ ਮਿਆਂਮਾਰ ਦੀ ਨੇਤਾ ਆਂਗ ਸਾਂਨ ਸ਼ੂ ਕੀ ਤੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਐਚ. ਮਹਿਮੂਦ ਅਲੀ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਰੋਹਿੰਗਆ ਸ਼ਰਨਾਰਥੀਆਂ ਦੀ ਦੇਸ਼ ਵਾਪਸੀ ਲਈ ਸਹਿਮਤ ਹੋ ਗਏ | ਮਿਆਂਮਾਰ ਦੇ ਕਿਰਤ, ਪ੍ਰਵਾਸ ਤੇ ਜਨਸੰਖਿਆ ਬਾਰੇ ਸਥਾਈ ਸਕੱਤਰ ਨੇ ਵਧੇਰੇ ਜਾਣਕਾਰੀ ਨਾ ਦਿੰਦਿਆਂ ਮਿਆਂਮਾਰ ਤੇ ਬੰਗਲਾਦੇਸ਼ ਵਿਚਾਲੇ ਰੋਹਿੰਗਆ ਮੁਸਲਮਾਨਾਂ ਦੀ ਦੇਸ਼ ਵਾਪਸੀ ਸਬੰਧੀ ਹੋਏ ਸਮਝੌਤੇ ਦੀ ਪੁਸ਼ਟੀ ਕੀਤੀ ਹੈ | ਮੀਡੀਆ ਨਾਲ ਗੱਲਬਾਤ ਦੌਰਾਨ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਸ੍ਰੀ ਅਲੀ ਨੇ ਦੱਸਿਆ ਕਿ ਰੋਹਿੰਗਆ ਦੀ ਦੇਸ਼ ਵਾਪਸੀ ਲਈ ਇਹ ਅਜੇ ਪਹਿਲਾ ਕਦਮ ਹੈ ਤੇ ਕਿੰਨੇ ਰੋਹਿੰਗਆ ਸ਼ਰਨਾਰਥੀਆਂ ਨੂੰ ਵਾਪਸ ਆਪਣੇ ਦੇਸ਼ ‘ਚ ਜਾਣ ਦੀ ਇਜ਼ਾਜਤ ਮਿਲੇਗੀ ਇਹ ਅਜੇ ਸਪੱਸ਼ਟ ਨਹੀਂ |