ਟੋਰਾਂਟੋ : ਵਿਦੇਸ਼ ਜਾਣ ਦੇ ਇਛੁੱਕ ਭਾਰਤੀਆਂ ਦੀ ਪਹਿਲੀ ਪਸੰਦ ਅਮਰੀਕਾ ਦੀ ਥਾਂ ਕੈਨੇਡਾ ਬਣ ਕੇ ਉੱਭਰ ਰਿਹਾ ਹੈ। ਕੈਨੇਡਾ ਦੀ ਸਥਾਈ ਨਾਗਰਿਕਤਾ ਹਾਸਲ ਕਰਨ ‘ਚ ‘ਐਕਸਪ੍ਰੈਸ ਐਂਟਰੀ ਸਕੀਮ’ ਕਾਫੀ ਮਦਦਗਾਰ ਸਿੱਧ ਹੋ ਰਹੀ ਹੈ। ਸਾਲ 2018 ‘ਚ 39,500 ਭਾਰਤੀ ਨਾਗਰਿਕਾਂ ਨੂੰ ਇਸ ਸਕੀਮ ਰਾਹੀਂ ਕੈਨੇਡਾ ‘ਚ ਸਥਾਈ ਨਾਗਰਿਕਤਾ ਮਿਲੀ ਹੈ।
ਹਾਲ ਹੀ ‘ਚ ਜਾਰੀ ਅੰਕੜਿਆਂ ਮੁਤਬਕ, ਸਾਲ 2018 ‘ਚ ਕੈਨੇਡਾ ਦੀ ‘ਐਕਸਪ੍ਰੈੱਸ ਐਂਟਰੀ ਸਕੀਮ’ ਤਹਿਤ 92,000 ਤੋਂ ਜ਼ਿਆਦਾ ਲੋਕਾਂ ਨੂੰ ਸਥਾਈ ਨਾਗਰਿਕਤਾ ਦਿੱਤੀ ਗਈ ਸੀ। ਇਹ ਗਿਣਤੀ ਪਿਛਲੇ ਸਾਲ ਦੀ ਤੁਲਨਾ ‘ਚ 41 ਫੀਸਦੀ ਵਧੇਰੇ ਹੈ।
ਦੱਸ ਦਈਏ ਕਿ ਸਥਾਈ ਨਿਵਾਸ ਨੂੰ ਅਮਰੀਕਾ ‘ਚ ਗ੍ਰੀਨ ਕਾਰਡ ਦੇ ਰੂਪ ‘ਚ ਜਾਣਿਆ ਜਾਂਦਾ ਹੈ ਪਰ ਅਮਰੀਕਾ ‘ਚ ਜਿਸ ਤਰ੍ਹਾਂ ਨਾਲ ਲੋਕਾਂ ਨੂੰ ਐੱਚ. 1 ਬੀ. ਵੀਜ਼ਾ ਹਾਸਲ ਕਰਨ ‘ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਨੂੰ ਦੇਖਦੇ ਹੋਏ ਭਾਰਤੀ ਨਾਗਰਿਕ ਦੂਜੇ ਦੇਸ਼ਾਂ ਦਾ ਰੁਖ ਕਰਨ ਲੱਗ ਗਏ ਹਨ।
ਸਾਲ 2017 ‘ਚ ਕੈਨੇਡਾ ‘ਚ ਇਸ ਤਰ੍ਹਾਂ 65,500 ਲੋਕਾਂ ਨੂੰ ਸਥਾਈ ਨਾਗਰਿਕਤਾ ਮਿਲੀ ਸੀ, ਜਿਸ ‘ਚੋਂ ਤਕਰੀਬਨ 26,300 ਲੋਕ ਭਾਰਤੀ ਸਨ। ਸਾਲ 2017 ‘ਚ ਇਹ ਦੂਜੇ ਨੰਬਰ ‘ਤੇ ਸੀ ਪਰ ਸਾਲ 2018 ‘ਚ ਸਿਰਫ 5,800 ਲੋਕਾਂ ਨੂੰ ਸਥਾਈ ਨਿਵਾਸ ਦੀ ਸੁਵਿਧਾ ਮਿਲਣ ਦੇ ਬਾਅਦ ਤੀਜੇ ਨੰਬਰ ‘ਤੇ ਪੁੱਜ ਗਿਆ। ਦੂਜੇ ਨੰਬਰ ‘ਤੇ ਨਾਈਜੀਰੀਆ ਹੈ।
ਭਾਰਤ ‘ਚ ਰਹਿ ਰਹੇ ਲੋਕ ਵੀ ਨੌਕਰੀ ਜਾਂ ਸਥਾਈ ਨਿਵਾਸ ਲਈ ਅਮਰੀਕਾ ਦੀ ਥਾਂ ਕੈਨੇਡਾ ਨੂੰ ਪਹਿਲ ਦੇ ਰਹੇ ਹਨ। ਅਸਲ ‘ਚ ਕੈਨੇਡਾ ਨੇ ਗਲੋਬਲ ਟੈਲੈਂਟ ਸਟ੍ਰੀਮ ਨੂੰ ਪਾਇਲਟ ਸਕੀਮ ਤੋਂ ਬਦਲ ਕੇ ਸਥਾਈ ਸਕੀਮ ਬਣਾ ਦਿੱਤਾ ਹੈ, ਇਸ ਦੇ ਚੱਲਦਿਆਂ ਕੈਨੇਡੀਅਨ ਕੰਪਨੀਆਂ ਸਿਰਫ ਦੋ ਹਫਤੇ ‘ਚ ਅਪ੍ਰਵਾਸੀਆਂ ਨੂੰ ਕੈਨੇਡਾ ਲਿਆ ਸਕਦੀਆਂ ਹਨ। ਇਸ ਬਦਲਾਅ ਨਾਲ ਕੈਨੇਡਾ ‘ਚ ਨੌਕਰੀਆਂ ਲਈ ਭਾਰਤੀਆਂ ਦੀ ਗਿਣਤੀ ਵਧ ਸਕਦੀ ਹੈ।