ਕੈਲਗਰੀ : ਬਰਤਾਨੀਆ ਕੋਲੰਬੀਆ ਸੂਬੇ ਦੇ ਸਭ ਤੋਂ ਵੱਧ ਭਾਰਤੀ ਮੂਲ ਦੀ ਵਸੋਂ ਵਾਲੇ ਸ਼ਹਿਰ ਸਰੀ ਵਿਚ ਸੜਕ ਦੇ ਇਕ ਹਿੱਸੇ ਦਾ ਨਾਮ ਕੌਮਾਗਾਟਾਮਾਰੂ ਦੇ ਨਾਂ ‘ਤੇ ਰੱਖਿਆ ਜਾ ਰਿਹਾ ਹੈ। ਸਰੀ ਦੀ ਕੌਂਸਲ ਵੱਲੋਂ ਹੈਰੀਟੇਜ ਕਮੇਟੀ ਦੀ ਇਸ ਸਬੰਧੀ ਸਿਫ਼ਾਰਸ਼ ਉਪਰ ਵੋਟਿੰਗ ਕੀਤੀ ਜਾ ਰਹੀ ਹੈ। ਇਸ ਨੂੰ ਪ੍ਰਵਾਨਗੀ ਮਿਲਣ ਮਿਲਣ ਉਪਰੰਤ ਸਰੀ ਦੀ 120 ਅਤੇ 121 ਸਟ੍ਰੀਟ ਦਰਮਿਆਨ ਪੈਂਦੇ 75-ਏ ਐਵੇਨਿਊ ਦਾ ਨਾਂ ‘ਕਾਮਾਗਾਟਾਮਾਰੂ ਵੇ’ ਰੱਖਿਆ ਜਾਵੇਗਾ। ਇਸ ਸੰਬੰਧੀ ਰਾਜ ਤੂਰ ਨਾਂ ਦੇ ਇਕ ਵਿਅਕਤੀ ਵੱਲੋਂ ਲੰਬੇ ਚਿਰ ਤੋਂ ਲਾਬਿੰਗ ਕੀਤੀ ਜਾ ਰਹੀ ਸੀ। ਰਾਜ ਤੂਰ ਦੇ ਦਾਦਾ ਪੂਰਨ ਸਿੰਘ ਜਨੇਤਪੁਰ ਕਾਮਾਗਾਟਾਮਾਰੂ ਸਮੁੰਦਰੀ ਜਹਾਜ਼ ਰਾਹੀਂ ਭਾਰਤ ਤੋਂ ਵੈਨਕੂਵਰ ਆਏ ਸਨ ਪਰ ਉਸ ਸਮੇਂ ਜਹਾਜ਼ ਨੂੰ ਵਾਪਸ ਮੋੜ ਦਿੱਤਾ ਗਿਆ ਸੀ ਤੇ ਵਾਪਸੀ ਮੌਕੇ ਭਾਰਤ ਵਿਚ ਉਸ ਤੋਂ ਉੱਤਰ ਰਹੇ ਯਾਤਰੀਆਂ ‘ਤੇ ਗੋਲ਼ੀਆਂ ਚਲਾਈਆਂ ਗਈਆਂ ਸਨ ਤੇ ਕਈ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ। ਪੂਰਨ ਸਿੰਘ ਜਨੇਤਪੁਰ ਨੂੰ ਵੀ ਗਿ੍ਫ਼ਤਾਰ ਕਰਕੇ ਉਨ੍ਹਾਂ ਉਪਰ ਕੇਸ ਕੀਤਾ ਗਿਆ ਸੀ। ਇਸ ਮਗਰੋਂ 1968 ਵਿਚ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਸਪਾਂਸਰ ਕੀਤਾ ਸੀ ਪਰ ਪੂਰਨ ਸਿੰਘ ਜਨੇਤਪੁਰ ਨੇ ਕਾਮਾਗਾਟਾਮਾਰੂ ਦੀ ਕੌੜੀ ਯਾਦ ਕਾਰਨ ਕੈਨੇਡਾ ਆਉਣ ਤੋਂ ਨਾਂਹ ਕਰ ਦਿੱਤੀ ਸੀ।ਸਰੀ ਦੇ ਮੇਅਰ ਡਗ ਮੈਕਲਮ ਦਾ ਕਹਿਣਾ ਹੈ ਕਿ ਸੜਕ ਦੇ ਇਸ ਟੁੱਕੜੇ ਦਾ ਇਹ ਨਾਂ ਹਮੇਸ਼ਾ ਯਾਦ ਕਰਵਾਏਗਾ ਕਿ ਸ਼ਹਿਰ ਵਿਚ ਹੁਣ ‘ਇਨਟਾਲਰੈਂਸ’ ਨਾਂ ਦੀ ਨਫ਼ਰਤ ਭਰੀ ਭਾਵਨਾ ਦੀ ਕੋਈ ਥਾਂ ਨਹੀਂ ਹੈ।