ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਨਿਯੁਕਤ ਕੋਰਟ ਕਮਿਸ਼ਨਰ ਦੀ ਰਿਪੋਰਟ ਨੇ ਡੇਰੇ ਵਿੱਚ ਖੜ੍ਹੀ ਓ.ਬੀ. ਵੈਨ ਦਾ ਰਾਜ਼ ਖੋਲ੍ਹਿਆ ਹੈ। ਕੋਰਟ ਕਮਿਸ਼ਨਰ ਏ.ਕੇ. ਪਵਾਰ ਜਦੋਂ ਡੇਰੇ ਦੇ ਸੈਕਟਰ-2 ਵਿੱਚ ਪਹੁੰਚੇ ਤਾਂ ਉੱਥੇ ਓਬੀ ਵੈਨ ਖੜ੍ਹੀ ਸੀ। ਇਹ ਵੈਨ ਨਿਊਜ਼ ਚੈਨਲਾਂ ਵੱਲੋਂ ਲਾਈਵ ਕਵਰੇਜ਼ ਵਾਸਤੇ ਵਰਤੀ ਜਾਂਦੀ ਹੈ।
ਕੋਰਟ ਕਮਿਸ਼ਨਰ ਪਵਾਰ ਨੇ ਆਪਣੀ ਰਿਪੋਰਟ ਵਿੱਚ ਡੇਰੇ ਵਿੱਚੋਂ ਵਿਦੇਸ਼ੀ ਕੰਪਨੀਆਂ ਲਈ ਜਾਸੂਸੀ ਹੋਣ ਦਾ ਖ਼ਦਸ਼ਾ ਵੀ ਜਤਾਇਆ ਹੈ। ਕੋਰਟ ਕਮਿਸ਼ਨਰ ਪਵਾਰ ਦੀ ਰਿਪੋਰਟ ਮੁਤਾਬਕ ਡੇਰੇ ਦੇ ਸੈਕਟਰ-2 ਵਿੱਚੋਂ ਇੱਕ ਓਬੀ ਵੈਨ ਬਰਾਮਦ ਹੋਈ ਹੈ। ਪਵਾਰ ਨੇ ਰਿਪੋਰਟ ਲਿਖਿਆ ਹੈ ਕਿ ਡੇਰਾ ਪ੍ਰਬੰਧਕਾਂ ਨੇ ਨਾ ਰਜਿਟਰੇਸ਼ਨ ਨੰਬਰ ਤੇ ਨਾ ਹੀ ਓਬੀ ਵੈਨ ਸਬੰਧੀ ਕੋਈ ਦਸਤਾਵੇਜ਼ ਪੇਸ਼ ਕੀਤੇ ਗਏ। ਇੱਥੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਆਖ਼ਰ ਇਹ ਓਬੀ ਵੈਨ ਦਾ ਡੇਰੇ ਵਿੱਚ ਕੀ ਕੰਮ ਸੀ?
ਓ.ਬੀ. ਵੈਨ ਸੈਟੇਲਾਈਟ ਨਾਲ ਕੰਨੈਕਟ ਹੋ ਕੇ ਕਿਤੇ ਵੀ ਕੋਈ ਜਾਣਕਾਰੀ ਭੇਜ ਸਕਦੀ ਹੈ। ਜਦੋਂ ਕੋਰਟ ਕਮਿਸ਼ਨਰ ਨੇ ਡੇਰੇ ਦੀ ਮੈਨਜਮੈਂਟ ਤੋਂ ਵੈਨ ਦੇ ਕਾਗਜ਼ਾਤ ਮੰਗੇ ਤਾਂ ਮੈਨੇਜਮੈਂਟ ਵੱਲੋਂ ਕੋਈ ਕਾਗਜ਼ ਮੁਹੱਈਆ ਨਹੀਂ ਕੀਤਾ ਗਿਆ। ਇਸ ਤਰ੍ਹਾਂ ਕਮਿਸ਼ਨਰ ਪਵਾਰ ਦਾ ਸ਼ੱਕ ਵਧ ਗਿਆ ਤੇ ਉਨ੍ਹਾਂ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਜੇਕਰ ਹਾਈਕੋਰਟ ਚਾਹੇ ਤਾਂ ਐਸ.ਪੀ. ਸਿਰਸਾ ਤੋਂ ਇਸ ਦੀ ਜਾਂਚ ਕਰਾ ਸਕਦਾ ਹੈ ਕਿ ਵੈਨ ਦਾ ਇਸਤੇਮਾਲ ਕੋਈ ਖੁਫੀਆ ਜਾਣਕਾਰੀ ਵਿਦੇਸ਼ ਨਾਲ ਸਾਂਝੀ ਕਰਨ ਲਈ ਤਾਂ ਨਹੀਂ ਕੀਤਾ ਗਿਆ। ਓਬੀ ਵੈਨ ਜ਼ਬਤ ਕੀਤੀ ਗਈ ਹੈ। ਹਾਈਕੋਰਟ ਚਾਹੇ ਤਾਂ ਓਬੀ ਦੇ ਦਸਤਾਵੇਜ਼ ਪੇਸ਼ ਕਰਨ ਵਾਲੇ ਮਾਲਕ ਨੂੰ ਗੱਡੀ ਸੌਂਪੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਡੇਰੇ ਦੇ ਸੈਕਟਰ 10 ਵਿੱਚੋਂ ਰਾਮ ਰਹੀਮ ਦੀ ਬੁਲੇਟ ਪਰੂਫ ਲਗਜ਼ਰੀ ਲੈਕਸੂਸ ਵੀ ਬਰਾਮਦ ਹੋਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਡੇਰੇ ਪ੍ਰਬੰਧਕਾਂ ਵੱਲੋਂ ਕੋਈ ਵੀ ਗੱਡੀ ਦੀ ਮਲਕੀਅਤ ਦਾ ਕਾਗਜ਼ ਨਹੀਂ ਪੇਸ਼ ਹੋਇਆ। ਕਾਲੇ ਰੰਗ ਦੀ ਬੂਲੇਟ ਪਰੂਫ ਲੈਕਸਸ ਕਾਰ ਦੇ ਮਾਲਕ ਦਾ ਕੋਈ ਅਤਾ-ਪਤਾ ਨਹੀਂ। ਗੱਡੀ ਦਾ ਕੋਈ ਕਾਗਜ਼ ਨਹੀਂ ਸੀ। ਡੇਰੇ ਦੀ ਇਹ ਗੱਡੀ ਬਾਰੇ ਕੋਰਟ ਕਮਿਸ਼ਨਰ ਨੂੰ ਡੇਰਾ ਮੈਨੇਜਮੈਂਟ ਕੋਈ ਸਬੂਤ ਨਹੀਂ ਦੇ ਪਾਇਆ। ਰਿਪੋਰਟ ਮੁਤਾਬਕ ਇਹ ਗੱਡੀ ਵੀ ਜ਼ਬਤ ਕੀਤੀ ਗਈ ਹੈ।