ਨਵੀਂ ਦਿੱਲੀ— ਚੀਨ ‘ਚ ਫੈਲੇ ਕੋਰੋਨਾ ਵਾਇਰਸ ਦੇ ਭਾਰਤ ‘ਚ ਦਸਤਕ ਦੇਣ ਨਾਲ ਖਲਬਲੀ ਮਚ ਗਈ ਹੈ। ਹੁਣ ਤਕ ਭਾਰਤ ‘ਚ ਵਾਇਰਸ ਦੇ 28 ਕੇਸ ਸਾਹਮਣੇ ਆਏ ਹਨ। ਇਨ੍ਹਾਂ ‘ਚ 12 ਭਾਰਤੀ ਅਤੇ 16 ਵਿਦੇਸ਼ੀ ਸ਼ਾਮਲ ਹਨ। 12 ਭਾਰਤੀਆਂ ‘ਚੋਂ 3 ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਬਾਕੀ ਦੇ 9 ਮਰੀਜ਼ਾਂ ‘ਚ ਦਿੱਲੀ, ਤੇਲੰਗਾਨਾ ਅਤੇ ਜੈਪੁਰ ‘ਚ 1-1 ਮਰੀਜ਼ ਸ਼ਾਮਲ ਹੈ, ਉੱਥੇ ਹੀ ਆਗਰਾ ‘ਚ ਇਕ ਹੀ ਪਰਿਵਾਰ ਦੇ 6 ਮਰੀਜ਼ ਮਿਲੇ ਹਨ, ਜਿਨ੍ਹਾਂ ਦਾ ਦਿੱਲੀ ‘ਚ ਇਲਾਜ ਚੱਲ ਰਿਹਾ ਹੈ।
ਓਧਰ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਪੂਰੀ ਤਰ੍ਹਾਂ ਅਲਰਟ ਹੋ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤਕ ਭਾਰਤ ‘ਚ ਕੋਰੋਨਾ ਦੇ 28 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੋਂ ਹੀ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੀਆਂ ਸਾਰੀਆਂ ਉਡਾਣਾਂ ਅਤੇ ਯਾਤਰੀ ਥਰਮਲ ਸਕ੍ਰੀਨਿੰਗ ਦਾ ਹਿੱਸਾ ਹੋਣਗੇ। ਨਾ ਸਿਰਫ 12 ਦੇਸ਼ਾਂ ਜਿਨ੍ਹਾਂ ਨੂੰ ਅਸੀਂ ਪਹਿਲਾਂ ਸੂਚੀਬੱਧ ਕੀਤਾ ਸੀ।
ਇੱਥੇ ਦੱਸ ਦੇਈਏ ਕਿ ਚੀਨ ‘ਚ ਫੈਲਿਆ ਇਹ ਜਾਨਲੇਵਾ ਕੋਰੋਨਾ ਵਾਇਰਸ 70 ਦੇਸ਼ਾਂ ਨੂੰ ਆਪਣੀ ਲਪੇਟ ‘ਚ ਲੈ ਚੁੱਕਾ ਹੈ। ਦੁਨੀਆ ਭਰ ‘ਚ 3,123 ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ ਅਤੇ 91,783 ਤੋਂ ਵਧੇਰੇ ਲੋਕਾਂ ‘ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ।
ਵਰਤੋਂ ਇਹ ਸਾਵਧਾਨੀਆਂ—
1. ਹੱਥਾਂ ਨੂੰ ਵਾਰ-ਵਾਰ ਸਾਬੁਣ ਅਤੇ ਪਾਣੀ ਨਾਲ ਧੋਵੋ। ਹੋ ਸਕੇ ਤਾਂ ਹੱਥਾਂ ਨੂੰ ਸਾਫ ਕਰਨ ਲਈ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ।
2. ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਪਰਹੇਜ਼ ਕਰੋ।
3. ਖੰਘਦੇ ਹੋਏ ਜਾਂ ਛਿੱਕਦੇ ਹੋਏ ਡਿਸਪੋਜ਼ੇਬਲ ਟਿਸ਼ੂ ਦਾ ਇਸਤੇਮਾਲ ਕਰੋ।
4. ਇਸਤੇਮਾਲ ਕੀਤੇ ਗਏ ਟਿਸ਼ੂ ਨੂੰ ਸੁੱਟ ਦਿਓ ਅਤੇ ਇਸ ਤੋਂ ਬਾਅਦ ਹੱਥ ਜ਼ਰੂਰ ਧੋਵੋ।
5. ਟਿਸ਼ੂ ਨਹੀਂ ਹੈ ਤਾਂ ਛਿੱਕਦੇ ਜਾਂ ਖੰਘਦੇ ਹੋਏ ਬਾਂਹ ਦਾ ਇਸਤੇਮਾਲ ਕਰੋ।
6. ਬਿਨਾਂ ਹੱਥ ਧੋਤੇ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਹੱਥ ਨਾ ਲਗਾਓ।
7. ਬੀਮਾਰ ਲੋਕਾਂ ਦੇ ਸੰਪਰਕ ਵਿਚ ਆਉਣ ਤੋਂ ਬਚੋ।
8. ਜਾਨਵਰਾਂ ਦੇ ਸੰਪਰਕ ਵਿਚ ਆਉਣ ਤੋਂ ਬਚੋ।
9. ਪਾਲਤੂ ਜਾਨਵਰਾਂ ਦੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖੋ।
10. ਮੀਟ, ਅੰਡੇ ਆਦਿ ਖਾਣ ਤੋਂ ਪਹਹੇਜ਼ ਕਰੋ। ਹੋ ਸਕੇ ਤਾਂ ਚੰਗੀ ਤਰ੍ਹਾਂ ਪਕਾ ਕੇ ਖਾਓ।