ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਨੈਸ਼ਨਲ ਬੱਚਤ ਸਰਟੀਫਿਕੇਟ (ਐਨ.ਐਸ.ਸੀ.) ਤੇ ਪਬਲਿਕ ਪ੍ਰਾਈਵੇਟ ਫ਼ੰਡ (ਪੀ.ਪੀ.ਐਫ) ਨਾਲ ਜੁੜੇ ਨਿਯਮ ਬਦਲ ਦਿੱਤੇ ਹਨ। ਬਦਲੇ ਨਿਯਮਾਂ ਨਾਲ ਪਰਵਾਸੀ ਭਾਰਤੀਆਂ (ਐਨ.ਆਰ.ਆਈ.) ਨੂੰ ਵੱਡਾ ਝਟਕਾ ਲੱਗੇਗਾ। ਨਵੇਂ ਨਿਯਮਾਂ ਤਹਿਤ ਕਿਸੇ ਵਿਅਕਤੀ ਨੂੰ ਐਨ.ਆਰ.ਆਈ. (ਪਰਵਾਸੀ ਭਾਰਤੀ) ਦਾ ਦਰਜਾ ਮਿਲਦੇ ਹੀ ਉਸ ਦੀ ਪੀ.ਪੀ.ਐਫ. ਖਾਤਾ ਤੇ ਐਨ.ਐਸ.ਸੀ. ਬੰਦ ਹੋ ਜਾਵੇਗਾ।
ਇਹ ਸੋਧ ਪੀ.ਪੀ.ਐਫ. ਯੋਜਨਾ, 1968 ‘ਚ ਕੀਤੀ ਗਈ ਹੈ। ਇਸ ਸਬੰਧੀ ਜਾਰੀ ਅਧਿਸੂਚਨਾ ਮੁਤਾਬਕ,’ ਪੀ.ਪੀ.ਐਫ. ‘ਚ ਖਾਤਾ ਖੋਲ੍ਹਣ ਵਾਲਾ ਕੋਈ ਵਿਅਕਤੀ ਜੇਕਰ ਮਿਆਦ ਪੂਰੀ ਹੋਣ ਤੋਂ ਪਹਿਲਾਂ ਐਨ.ਆਰ.ਆਈ. ਬਣ ਜਾਂਦਾ ਹੈ, ਤਾਂ ਉਸ ਦਾ ਅਕਾਉਂਟ ਤਤਕਾਲ ਪ੍ਰਭਾਵ ਨਾਲ ਬੰਦ ਹੋ ਜਾਵੇਗਾ। ਖਾਤਾਧਾਰਕਾਂ ਨੂੰ ਖਾਤਾ ਬੰਦ ਹੋਣ ਦੀ ਤਾਰੀਖ਼ ਤੱਕ ਦਾ ਵਿਆਜ ਮਿਲੇਗਾ।’ ਇਸੇ ਤਰ੍ਹਾਂ ਕਿਸੇ ਵਿਅਕਤੀ ਨੂੰ ਇਹ ਦਰਜਾ ਮਿਲਦੇ ਹੀ ਉਸ ਦੇ ਐਨ.ਐਸ.ਸੀ. ਦਾ ਭੁਗਤਾਨ ਹੋ ਜਾਵੇਗਾ, ਜਾਂ ਅਜਿਹਾ ਮੰਨਿਆ ਜਾਵੇਗਾ ਕਿ ਭੁਗਤਾਨ ਹੋ ਚੁੱਕਿਆ ਹੈ। ਇਸ ‘ਤੇ ਵਿਆਜ ਉਸੇ ਤਾਰੀਖ਼ ਤੱਕ ਮਿਲੇਗਾ।
ਐਨ.ਆਰ.ਆਈ. ਨੂੰ ਪੀ.ਪੀ.ਐਫ, ਐਨ.ਐਸ.ਸੀ ਤੇ ਡਾਕਘਰ ਵੱਲੋਂ ਚਲਾਈਆਂ ਜਾਣ ਵਾਲੀਆਂ ਕਈ ਮਹੀਨਾਵਾਰ ਤੇ ਲੰਬੇ ਸਮੇਂ ਦੀਆਂ ਬੱਚਤ ਸਕੀਮਾਂ ‘ਚ ਨਿਵੇਸ਼ ਦਾ ਅਧਿਕਾਰ ਨਹੀਂ। ਨਿਵੇਸ਼ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਹੁਣ ਵੀ ਸਪਸ਼ਟ ਨਹੀਂ ਕਿ ਪਰਵਾਸੀ ਭਾਰਤੀਆਂ ਨੂੰ ਇਨ੍ਹਾਂ ਸਕੀਮਾਂ ਤੋਂ ਬਾਹਰ ਕਿਉਂ ਰੱਖਿਆ ਗਿਆ ਹੈ।