ਲਾਹੌਰ: ਕਰਤਾਰਪੁਰ ਲਾਂਘੇ ਮਗਰੋਂ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਸਿੱਖਾਂ ਨੂੰ ਇੱਕ ਹੋਰ ਤੋਹਫਾ ਦੇਣ ਜਾ ਰਹੀ ਹੈ। ਪਾਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਭਾਵ ਨਨਕਾਣਾ ਸਾਹਿਬ ਗੁਰਦੁਆਰੇ ਤਕ ਜ਼ਮੀਨਦੋਜ਼ ਸੁਰੰਗ ਉਸਾਰੀ ਜਾਵੇ। ਸਰਕਾਰ ਨੇ ਸਬੰਧਤ ਮਹਿਕਮਿਆਂ ਨੂੰ ਇਸ ਯੋਜਨਾ ਨੂੰ ਨੇਪਰੇ ਚਾੜ੍ਹਨ ਲਈ ਲੋੜੀਂਦੀ ਘੋਖ ਪੜਤਾਲ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਹਨ।
ਮਿਲੀ ਜਾਣਕਾਰੀ ਮੁਤਾਬਕ ਇਹ ਸੁਰੰਗ 205 ਮੀਟਰ ਲੰਮੀ ਹੋਵੇਗੀ ਤੇ 40 ਤੋਂ 60 ਫੁੱਟ ਤਕ ਚੌੜੀ ਹੋਵੇਗੀ। ਲਾਹੌਰ ਦੇ ਕਮਿਸ਼ਨਰ ਡਾ. ਅਮੁਸਤਬਾ ਪ੍ਰਾਚਾ ਨੇ ਦੱਸਿਆ ਕਿ ਇਹ ਸੁਰੰਗ ਵਿਸ਼ੇਸ਼ ਤੌਰ ‘ਤੇ ਸਿੱਖ ਸ਼ਰਧਾਲੂਆਂ ਲਈ ਹੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਸੁਰੱਖਿਆ ਤੇ ਦੂਰੀ ਘਟਾਉਣ ਦੇ ਲਿਹਾਜ਼ ਨਾਲ ਇਸ ਸੁਰੰਗ ਨੂੰ ਮਹੱਤਵਪੂਰਨ ਦੱਸਿਆ। ਕਮਿਸ਼ਨਰ ਮੁਤਾਬਕ ਰੇਲਵੇ ਤੋਂ ਇਲਾਵਾ ਹੋਰਨਾਂ ਸਬੰਧਤ ਵਿਭਾਗਾਂ ਨੂੰ ਇਸ ਸੁਰੰਗ ਬਾਰੇ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।
ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਤਕ ਜਾਣ ਲਈ ਸਿੱਖ ਸ਼ਰਧਾਲੂਆਂ ਨੂੰ ਬਾਜ਼ਾਰਾਂ ਵਿੱਚੋਂ ਗੁਜ਼ਰਦਿਆਂ ਲੰਮਾਂ ਪੈਂਡਾ ਤੈਅ ਕਰਨਾ ਪੈਂਦਾ ਸੀ। ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਲਈ ਸੜਕਾਂ ਵੀ ਬੰਦ ਕਰਨੀਆਂ ਪੈਂਦੀਆਂ ਸਨ ਜਿਸ ਕਾਰਨ ਸਥਾਨਕ ਲੋਕਾਂ ਲਈ ਵੀ ਪ੍ਰੇਸ਼ਾਨ ਹੁੰਦੇ ਹਨ। ਪਾਕਿਸਤਾਨ ਸਰਕਾਰ ਨੇ ਸੁਰੰਗ ਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਵਜੋਂ ਪੇਸ਼ ਕੀਤਾ ਹੈ। ਲੰਮੇਂ ਸਮੇਂ ਤੋਂ ਚੱਲੀ ਆ ਰਹੀ ਇਸ ਤਜਵੀਜ਼ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ।