ਅਮਰੀਕਾ, ਬੰਦੂਕ ਸੱਭਿਆਚਾਰ ਅਤੇ ਹਿੰਸਾ

0
366

ਇਹ ਕਿਸੇ ਫਿਲਮ ਦਾ ਦ੍ਰਿਸ਼ ਨਹੀਂ ਸੀ। ਇਹ ਕਤਲੇਆਮ ਸੱਚਮੁਚ ਹੋਇਆ ਸੀ ਤੇ  ਇਸਨੂੰ ਹਜ਼ਾਰਾਂ ਲੋਕਾਂ ਨੇ ਆਪਣੇ ਅੱਖੀਂ ਵੇਖਿਆ ਸੀ। ਲਾਸ ਵੈਗਸ ਦੇ ਇੱਕ ਸੰਗੀਤ ਸਮਾਰੋਹ ’ਚ ਸ਼ਾਮਿਲ ਹੋ ਕੇ ਖੁਸ਼ੀਆਂ ਮਨਾ ਰਹੇ 60 ਲੋਕਾਂ ਨੂੰ 64 ਸਾਲਾਂ ਦੇ ਸਟੀਫ਼ਨ ਪੈਡੋਕ ਨਾਂ ਦੇ ਇੱਕ ਸਿਰਫਿਰੇ ਨੇ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਭੁੰਨ ਦਿੱਤਾ ਅਤੇ ਹੋਰ 500 ਤੋਂ ਵੱਧ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਫਿਰ ਜਦੋਂ ਉਹਨੇ ਵੇਖਿਆ ਕਿ ਪੁਲੀਸ ਨੇ ਉਹਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਤਾਂ ਉਹਨੇ ਖ਼ੁਦ ਆਪਣੇ ਆਪ ਨੂੰ ਗੋਲੀ ਮਾਰ ਲਈ। ਹਮਲਾਵਰ ਬਾਰੇ ਬਿਨਾ ਕਿਸੇ ਜਾਣਕਾਰੀ ਹੋਣ ਦੇ, ਅਮਰੀਕਾ ਦੇ ਰੱਖਿਆ ਮੰਤਰਾਲੇ ਦੇ ਇੱਕ ਸਾਬਕਾ ਅਧਿਕਾਰੀ ਨੇ ਬਿਆਨ ਦਾਗ ਦਿੱਤਾ ਕਿ ਕਤਰ, ਤੁਰਕੀ ਤੇ ਪਾਕਿਸਤਾਨ ਨੂੰ ਹੁਣ ਅੱਤਿਵਾਦੀ ਸਟੇਟ ਘੋਸ਼ਿਤ ਕਰ ਦਿੱਤਾ ਜਾਣਾ ਚਾਹੀਦਾ ਹੈ। ਅੱਤਿਵਾਦੀ ਸੰਗਠਨ ਆਈਐਸ ਨੇ ਪਹਿਲਾਂ ਤਾਂ ਇਸ ਵਾਰਦਾਤ ਜ਼ਿੰਮੇਵਾਰੀ ਲੈ ਲਈ ਸੀ ਪਰ ਅਮਰੀਕੀ ਖੁਫੀਆ ਏਜੰਸੀ ਐਫ਼ਬੀਆਈ ਨੇ ਇਸ ਦਾਅਵੇ ਨੂੰ ਨਕਾਰ ਦਿੱਤਾ। ਹਮਲੇ ਵਾਲੀ ਜਗ੍ਹਾ ਤੋਂ ਹਥਿਆਰਾਂ ਦਾ ਜ਼ਖ਼ੀਰਾ ਮਿਲਣਾ ਤੇ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਮਾਰਿਆ ਜਾਣਾ ਕਈ ਸਵਾਲ ਖੜੇ ਕਰਦਾ ਹੈ। ਅਮਰੀਕਾ ਤੋਂ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਕਿਸੇ ਸਨਕੀ ਨੇ ਬੇਵਜ੍ਹਾ ਗੋਲੀਆਂ ਚਲਾਈਆਂ ਤੇ ਕਈ ਲੋਕ ਮਾਰੇ ਗਏ। ਸਕੂਲ-ਕਾਲਜ, ਹੋਟਲ, ਸ਼ੌਪਿੰਗ ਸੈਂਟਰ, ਨਾਈਟ ਕਲੱਬ ਆਦਿ ਵਰਗੀ ਕਿਸੇ ਵੀ ਜਨਤਕ ਜਗ੍ਹਾ ’ਤੇ ਇਹੋ ਜਿਹੀ ਵਾਰਦਾਤ ਹੋ ਜਾਂਦੀ ਹੈ ਤੇ ਹਮਲਾਵਰ ਬੱਚਾ ਜਾਂ ਬੁੱਢਾ- ਕਿਸੇ ਵੀ ਉਮਰ ਦਾ ਹੋ ਸਕਦਾ ਹੈ। ਦੁਨੀਆ ਭਰ ਵਿੱਚ ਅਜਿਹੀ ਵਾਰਦਾਤ ’ਤੇ ਅਫਸੋਸ ਜਤਾਇਆ ਜਾਂਦਾ ਹੈ। ਅਮਰੀਕੀ ਰਾਸ਼ਟਰਪਤੀ ਵੱਲੋਂ ਬੜਾ ਹੀ ਭਾਵੁਕਤਾ ਭਰਿਆ ਬਿਆਨ ਤਰੌਂਕਿਆ ਜਾਂਦਾ ਹੈ। ਮੀਡੀਆ ਦੇ ਨਾਲ-ਨਾਲ ਹਥਿਆਰ ਲੌਬੀ ਸਰਗਰਮ ਹੋ ਜਾਂਦੀ ਹੈ। ਆਮ ਲੋਕਾਂ ਵੱਲੋਂ ਬੜੇ ਜ਼ੋਰ-ਸ਼ੋਰ ਨਾਲ ਹਥਿਆਰਾਂ ’ਤੇ ਪਾਬੰਦੀ ਜਾਂ ਕੰਟਰੋਲ ਨੂੰ ਲੈ ਕੇ ਮੁਜ਼ਾਹਰੇ ਤੇ ਬਹਿਸਾਂ ਹੁੰਦੀਆਂ ਜੋ ਹੌਲੀ-ਹੌਲੀ ਸਮਾਂ ਪਾ ਕੇ ਦੁੱਧ ਦੀ ਝੱਗ ਵਾਂਗ ਬੈਠ ਜਾਂਦੀਆਂ ਹਨ। ਪਿੱਛੇ ਫਿਰ ਇੱਕ ਵਾਰੀ ਓਹੀ ਸਵਾਲ ਹਵਾ ਵਿੱਚ ਲਟਕਿਆ ਰਹਿ ਜਾਂਦਾ ਹੈ ਕਿ ਇਹੋ ਜਿਹੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ ਤੇ ਇਨ੍ਹਾਂ ਦਾ ਹੱਲ ਕੀ ਹੈ?

ਦੇਵੇਂਦ੍ਰ ਪਾਲ

ਦੇਵੇਂਦ੍ਰ ਪਾਲ

ਬੰਦੂਕਾਂ ਨਾਲ ਮਾਰੇ ਜਾ ਰਹੇ ਅਮਰੀਕੀਆਂ ਨੂੰ ਬੰਦੂਕਾਂ ਨਾਲ ਕਿੰਨਾ ਪਿਆਰ ਹੈ, ਇਸ ਗੱਲ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਦੁਨੀਆਂ ਦੀ ਕੁਲ ਆਬਾਦੀ ਦਾ ਅਮਰੀਕਨ ਸਿਰਫ਼ 5 ਫੀਸਦੀ ਹਿੱਸਾ ਹਨ ਪਰ ਦੁਨੀਆਂ ਦੀਆਂ 42 ਫੀਸਦੀ ਬੰਦੂਕਾਂ ਉਨ੍ਹਾਂ ਕੋਲ ਹੀ ਹਨ। ਅਮਰੀਕਾ ਵਿੱਚ ਪਿਛਲੇ ਅਗਸਤ ਮਹੀਨੇ ਵਿੱਚ ਹੀ ਕੁਲ 4500 ਲੋਕ ਬੰਦੂਕ-ਹਿੰਸਾ ਦਾ ਸ਼ਿਕਾਰ ਹੋਏ ਹਨ। ਦੁਨੀਆਂ ਦੇ 31 ਫੀਸਦੀ ਸਮੂਹਿਕ ਗੋਲੀਬਾਰੀ ਕਾਂਡ ਅਮਰੀਕਾ ਵਿੱਚ ਹੀ ਹੁੰਦੇ ਹਨ ਜਿਨ੍ਹਾਂ ਵਿੱਚ ਫੌਜ ਲਈ ਬਣਾਈਆਂ ਗਈਆਂ ਅਸਾਲਟ ਰਾਈਫਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਿਛਲੇ ਸਾਲ ਔਰਲੈਂਡੋ ਦੇ ਇੱਕ ਸਮਲਿੰਗੀ ਕਲੱਬ ‘ਪਲਸ’ ਵਿੱਚ ਇੱਕ ਹਮਲਾਵਰ ਨੇ ਅਜਿਹੀ ਹੀ ਇੱਕ ਰਾਈਫਲ ਦਾ ਇਸਤੇਮਾਲ ਕੀਤਾ ਸੀ ਤੇ ਅੱਖ ਦੇ ਝਪੱਕੇ 49 ਬੰਦੇ ਮਾਰ ਦਿੱਤੇ ਸਨ। ਇਸ ਕਤਲੇਆਮ ਦੇ ਤੁਰੰਤ ਬਾਅਦ ਦੁਨੀਆਂ ਦੇ ਸਭ ਤੋਂ ਤਾਕਤਵਰ ਇਨਸਾਨ ਭਾਵ ਅਮਰੀਕਾ ਦੇ ਉਸ ਵੇਲੇ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਜੋ ਕਿਹਾ ਸੀ ਉਹ ਸੁਣਕੇ ਸਾਰੀ ਦੁਨੀਆਂ ਹੈਰਾਨ ਰਹਿ ਗਈ ਸੀ। ਉਨ੍ਹਾਂ ਨੇ ਪੀਬੀਐਸ ਚੈਨਲ ਦੇ ‘ਨਿਊਜ਼ਆ਼ਵਰ’ ਪ੍ਰੋਗਰਾਮ ਵਿੱਚ ਸ਼ਿਰਕਤ ਕਰਦੇ ਹੋਏ ਸਭ ਦੇ ਸਾਹਮਣੇ ਇਹ ਗੱਲ ਕਹੀ, ‘ਮੈਂ ਅੱਜ ਇੱਕ ਮੀਟਿੰਗ ਤੋਂ ਉੱਠ ਕੇ ਆਇਆ ਹਾਂ ਜਿਸ ਵਿੱਚ ਕੁਝ ਅਜਿਹੇ ਬੰਦੇ ਵੀ ਸ਼ਾਮਿਲ ਸਨ ਜਿਨ੍ਹਾਂ ਨੂੰ ਅਸੀਂ ਆਈਐੱਸ ਦੀ ਵੈਬਸਾਈਟ ’ਤੇ ਦੇਖਿਆ ਹੈ। ਉਹ ਇਥੇ ਅਮਰੀਕਾ ਵਿੱਚ ਹੀ ਰਹਿੰਦੇ ਹਨ ਤੇ ਅਮਰੀਕਾ ਦੇ ਨਾਗਰਿਕ ਹਨ। ਪਰ ਮੈਂ ਸਿਰਫ ‘ਨੈਸ਼ਨਲ ਰਾਈਫਲ ਐਸੋਸੀਏਸ਼ਨ’ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਬੰਦੂਕਾਂ ਖ਼ਰੀਦਣ ਤੋਂ ਨਹੀਂ ਰੋਕ ਸਕਦਾ। ਉਨ੍ਹਾਂ ਨੂੰ ਸਾਰੇ ਜਾਣਦੇ ਹਨ ਕਿ ਉਹ ਆਈਐੱਸ ਦੇ ਹਮਦਰਦ ਹਨ। ਉਨ੍ਹਾਂ ਨੂੰ ਐਫਬੀਆਈ ਵੀ ਜਾਣਦੀ ਹੈ। ਪਰ ਉਹ ਇਸ ਵੇਲੇ ਵੀ ਕਿਸੇ ਗਨ-ਸਟੋਰ ’ਤੇ ਜਾ ਕੇ ਜਿੰਨੀਆਂ ਚਾਹੇ, ਬੰਦੂਕਾਂ ਖ਼ਰੀਦ ਸਕਦੇ ਹਨ….।” ਸੋ ਬਰਾਕ ਓਬਾਮਾ ਨੇ ਇਹ ਗੱਲ ਸਪੱਸ਼ਟ ਰੂਪ ਵਿੱਚ ਸਵੀਕਾਰ ਕਰ ਲਈ ਸੀ ਕਿ ਬੰਦੂਕਾਂ ਦੇ ਵਪਾਰੀਆਂ ਦੀ ਲੌਬੀ ਦੇ ਸਾਹਮਣੇ ਉਹਦੀ ਵੀ ਕੋਈ ਪੇਸ਼ ਨਹੀਂ ਜਾਂਦੀ। ਲੋਕਾਂ ਵਿੱਚ ਵਿਆਪਤ ਰੋਹ ਨੂੰ ਵੇਖਦਿਆਂ ਓਬਾਮਾ ਨੇ ਇਕਦਮ ਹੱਥ ਨਹੀਂ ਸਨ ਖੜ੍ਹੇ ਕਰ ਦਿੱਤੇ। ਉਨ੍ਹਾਂ ਨੇ ਕੋਸ਼ਿਸ਼ ਜ਼ਰੂਰ ਕੀਤੀ ਅਤੇ ਹਥਿਆਰਾਂ ’ਤੇ ਨਿਯੰਤਰਣ ਲਈ ਇਹ ਸੁਝਾਅ ਦਿੱਤੇ ਕਿ ਖ਼ਰੀਦਦਾਰ ਦੇ ਪਿਛੋਕੜ ਬਾਰੇ ਸਖ਼ਤੀ ਨਾਲ ਜਾਂਚ ਕੀਤੀ ਜਾਵੇ ਅਤੇ ਅਸਾਲਟ ਰਾਈਫਲਾਂ ਸਮੇਤ ਤਮਾਮ ਘਾਤਕ ਹਥਿਆਰਾਂ, ਵੱਡੀਆਂ ਕਾਰਤੂਸ ਮੈਗਜ਼ੀਨਾਂ ਅਤੇ ਅਸਲੇ ਨੂੰ ਵੇਚਣ ’ਤੇ ਪਾਬੰਦੀ ਲਾਈ ਜਾਵੇ। ਪਰ ਓਬਾਮਾ ਦੀ ਇੱਕ ਨਾ ਚੱਲੀ। ਬੰਦੂਕ ਸਭਿਆਚਾਰ ਵਿਰੋਧੀ ਬੁੱਧੀਜੀਵੀਆਂ ਦਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਕਿ ਇਹ ਤਾਕਤਵਰ ਲੌਬੀ ਬੰਦੂਕ-ਕੰਟਰੋਲ ਦਾ ਕੋਈ ਕਾਨੂੰਨ ਪਾਸ ਨਹੀਂ ਹੋਣ ਦਿੰਦੀ। ਉਨ੍ਹਾਂ ਵਿੱਚ ਕਿਸੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਬਦਲ ਦੇਣ ਦੀ ਕੂਵੱਤ ਹੁੰਦੀ ਹੈ। 2016 ਦੀ ਚੋਣ ਮੁਹਿੰਮ ਵਿੱਚ ਬੰਦੂਕ ਲੌਬੀ ਨੇ ਡੋਨਲਡ ਟਰੰਪ ਵਾਲੀ ਹਥਿਆਰਾਂ ਦੀ ਸਮਰਥਕ ਰਿਪਬਲਿਕਨ ਪਾਰਟੀ ’ਤੇ 59 ਲੱਖ ਡਾਲਰ ਖ਼ਰਚ ਕੀਤੇ ਤੇ ਪੂਰਾ ਜ਼ੋਰ ਲਾ ਕੇ ਬੰਦੂਕਾਂ ਵਿਰੋਧੀ ਹਿਲੇਰੀ ਕਲਿੰਟਨ ਨੂੰ ਹਰਾ ਦਿੱਤਾ ਸੀ।
ਲਾਸ ਵੈਗਸ ਵਰਗੀ ਕਿਸੇ ਵੀ ਵਾਰਦਾਤ ਦੇ ਬਾਅਦ ਅਚਾਨਕ ਸਟਾਕ ਐਕਸਚੇਂਜ ਵਿੱਚ ਹਥਿਆਰ ਕੰਪਨੀਆਂ ਦੇ ਭਾਅ ਵਿੱਚ ਉਛਾਲ ਆ ਜਾਂਦਾ ਹੈ। ਹਥਿਆਰਾਂ ਦੀ ਵਿਕਰੀ ਬਹੁਤ ਜ਼ਿਆਦਾ ਵਧ ਜਾਂਦੀ ਹੈ। ਬੰਦੂਕ ਲੌਬੀ ਨੂੰ ਬਾਜ਼ਾਰ ਵਿੱਚ ਬੰਦੂਕਾਂ ਦੀ ਸਪਲਾਈ ਨੂੰ ਯਕੀਨੀ ਬਣਾਈ ਰੱਖਣ ਦੇ ਨਾਲ ਹੀ ਇੱਕ ਪਾਸੇ ਲੋਕਾਂ ਦਾ ਰੋਹ ਤੇ ਦੂਜੇ ਪਾਸੇ ਸਿਆਸੀ ਪ੍ਰਬੰਧਨ ਨੂੰ ਵੀ ਸੰਭਾਲਣਾ ਪੈਂਦਾ ਹੈ। ਬੰਦੂਕਾਂ ਸਕੀਮ ਵਿੱਚ ਵੀ ਮਿਲਦੀਆਂ ਨੇ। ‘ਬੂਟ ਖ਼ਰੀਦੋ, ਬੰਦੂਕ ਬਿਲਕੁਲ ਮੁਫ਼ਤ’। ‘ਬੈਂਕ ਵਿੱਚ ਖ਼ਾਤਾ ਖੁਲਾਵਾਉ, ਬੰਦੂਕ ਬਿਲਕੁਲ ਮੁਫ਼ਤ’। ‘ਅਸਾਲਟ ਰਾਈਫਲ ਨਾਲ ਪਿਸਤੌਲ ਬਿਲਕੁਲ ਮੁਫ਼ਤ’। ਜਿਹੜਾ ਬੰਦਾ ਜਿੰਨੀਆਂ ਚਾਹੇ ਬੰਦੂਕਾਂ ਖ਼ਰੀਦ ਸਕਦਾ ਹੈ। ਉਥੋਂ ਦਾ ਹਥਿਆਰ ਬਨਾਉਣ ਅਤੇ ਵੇਚਣ ਵਾਲਾ ਮਾਫ਼ੀਆ, ਜਿਹਨੂੰ ਪਿਆਰ ਨਾਲ ਸ਼ਰੀਫ਼ ਲੋਕ ‘ਗਨ ਲੌਬੀ’ ਕਹਿੰਦੇ ਨੇ, ਸੰਵਿਧਾਨ ਵੱਲੋਂ ਦਿੱਤੇ ਗਏ ‘ਰਾਈਟ ਟੂ ਵੈਪਨ’ (ਹਥਿਆਰ ਰੱਖਣ ਦੇ ਅਧਿਕਾਰ) ਦੀ ਪੁਰਜ਼ੋਰ ਵਕਾਲਤ ਕਰਦਾ ਹੈ। ਇਹ ਅਧਿਕਾਰ ਉਨ੍ਹਾਂ ਨੂੰ ਸੰਵਿਧਾਨ ਵੱਲੋਂ ਹਾਸਲ ਹੈ, ਬਸ ਖ਼ਰੀਦਦਾਰ ਕੋਲ ਕੋਈ ਪਹਿਚਾਣ ਪੱਤਰ ਹੋਣਾ ਚਾਹੀਦਾ ਹੈ।  ਜਿਸਦੇ ਕੋਲ ਜਿੰਨਾ ਖ਼ਤਰਨਾਕ ਹਥਿਆਰ ਹੈ, ਉਹ ਉਨਾ ਹੀ ਸਿਆਣਾ ਵੀ ਮੰਨਿਆ ਜਾਂਦਾ ਹੈ। ਦਰਅਸਲ ਮੀਡੀਆ ਦੀ ਮਦਦ ਨਾਲ ਅਮਰੀਕੀਆਂ ਦੇ ਦਿਮਾਗ ਦੀ ਕੁਝ ਇਸ ਤਰ੍ਹਾਂ ਸਫ਼ਾਈ ਕੀਤੀ ਗਈ ਹੈ ਕਿ ਬੰਦੂਕ ਰੱਖਣਾ ਸੁਤੰਤਰਤਾ ਅਤੇ ਆਜ਼ਾਦੀ ਦੀ ਨਿਸ਼ਾਨੀ ਬਣ ਗਿਆ ਹੈ। ਨੋਮ ਚੌਮਸਕੀ ਇਹਨੂੰ ‘ਸਹਿਮਤੀ ਨਿਰਮਾਣ’ ਕਹਿੰਦਾ ਹੈ। ਬਹੁਤ ਸਾਰੇ ਅਮਰੀਕੀ ਇਹੀ ਮੰਨਦੇ ਹਨ ਕਿ ਹਥਿਆਰਬੰਦ ਹੋਣਾ ਇਥੋਂ ਦੀ ਅਮਰੀਕੀ ਪਰੰਪਰਾ ਹੈ ਤੇ ਅਮਰੀਕੀ ਜ਼ਿੰਮੇਵਾਰੀ ਵੀ। ਜੇ ਤੁਸੀਂ ਹਥਿਆਰਬੰਦ ਨਹੀਂ ਹੋ ਤਾਂ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਦੇ ਪ੍ਰਤੀ ਜ਼ਿੰਮੇਵਾਰ ਵੀ ਨਹੀਂ ਹੋ।
ਅਮਰੀਕਾ ਵਿੱਚ ਹਿੰਸਾ ਦਾ ਤਾਂਡਵ ਹੋ ਰਿਹਾ ਹੈ, ਉਹਨੂੰ ਸਮਝਣ ਲਈ ਅਮਰੀਕੀ ਸਿਨਮਾ ਦੀ ਮਦਦ ਲਈ ਜਾ ਸਕਦੀ ਹੈ। ਫਿਲਮਕਾਰ ਮਾਈਕਲ ਮੂਰ ਦੀ ਦਸਤਾਵੇਜ਼ੀ ਫਿਲਮ ‘ਬਾਊਲਿੰਗ ਫਾਰ ਕੋਲੰਬੀਅਨ’ ਦੀ ਸ਼ੁਰੂਆਤ ਵਿੱਚ ਮੂਰ ਆਪ ਇੱਕ ਬੈਂਕ ਵਿੱਚ ਜਾਂਦਾ ਤੇ ਬੈਂਕ ਮੈਨੇਜਰ ਨੂੰ ਕਹਿੰਦਾ ਹੈ, “ਮੈਂ ਅਖ਼ਬਾਰ ਵਿੱਚ ਇਕ ਇਸ਼ਤਿਹਾਰ ਦੇਖ ਕੇ ਤੁਹਾਡੇ ਬੈਂਕ ਵਿੱਚ ਖ਼ਾਤਾ ਖੁਲ੍ਹਾਉਣ ਲਈ ਆਇਆ ਹਾਂ। ਇਸ ਇਸ਼ਤਿਹਾਰ ਦੇ ਮੁਤਾਬਿਕ ਜੇ ਮੈਂ ਤੁਹਾਡੇ ਬੈਂਕ ਵਿੱਚ ਖ਼ਾਤਾ ਖੋਲ੍ਹਦਾ ਹਾਂ ਤਾਂ ਕੀ ਮੈਨੂੰ ਮੇਰੀ ਮਨਪਸੰਦ ਕੋਈ ਵੀ ਬੰਦੂਕ ਮੁਫ਼ਤ ਮਿਲ ਜਾਏਗੀ?” ਬੈੰਕ ਮੈਨੇਜਰ ਉਹਨੂੰ ਵਿਸ਼ਵਾਸ ਦਿਵਾਉਂਦੀ ਹੈ ਕਿ ਉਸ ਬੈੰਕ ਦੇ ‘ਵਾਲੇਟ’ ਵਿੱਚ ਦੁਨੀਆਂ ਦੀਆਂ ਸਭ ਤੋਂ ਆਧੁਨਿਕ 500 ਬੰਦੂਕਾਂ ਪਈਆਂ ਹੋਈਆਂ ਨੇ ਤੇ ਉਹ ਬੈਂਕ ਵਿੱਚ ਖ਼ਾਤਾ ਖੁਲ੍ਹਾਉਣ ਤੋਂ ਬਾਅਦ ਆਪਣੀ ਪਸੰਦ ਦੀ ਕੋਈ ਵੀ ਬੰਦੂਕ ਲਿਜਾ ਸਕਦਾ ਹੈ। ਮਾਈਕਲ ਖ਼ਾਤਾ ਖੁਲ੍ਹਵਾ ਕੇ ਇੱਕ ਬੰਦੂਕ ਮੁਫ਼ਤ ਵਿੱਚ ਹਾਸਿਲ ਕਰਨ ਬਾਅਦ ਬੈੰਕ ਅਧਿਕਾਰੀ ਨੂੰ ਪੁੱਛਦਾ ਹੈ, “ਕੀ ਕਿਸੇ ਵੀ ਬੈਂਕ ਵਿੱਚ ਬੰਦੂਕ ਲੈ ਕੇ ਜਾਣਾ ਖ਼ਤਰਨਾਕ ਨਹੀਂ ਹੁੰਦਾ?” ਬੜੀ ਖੂਬਸੂਰਤੀ ਨਾਲ ਇਹ ਫਿਲਮ ਅਮਰੀਕਾ ਦੇ ਮੋਮੋਠਗਣੀ ਕਪਟ-ਵਿੱਦਿਆ ਤੇ ਮਨੁੱਖੀ ਅਧਿਕਾਰਾਂ ਦੇ ਪਾਖੰਡ ਦਾ ਪਰਦਾ ਫ਼ਾਸ਼ ਕਰਦੀ ਹੈ। ‘ਬਾਊਲਿੰਗ ਫਾਰ ਕੋਲੰਬੀਅਨ’ ਫਿਲਮ ਨੇ ਔਸਕਰ ਐਵਾਰਡ ਹੀ ਨਹੀਂ ਜਿੱਤਿਆ ਬਲਕਿ ਆਮ ਲੋਕਾਂ ਨੂੰ ਐਫਰੋ -ਅਮਰੀਕੀਆਂ ਦੇ ਖਿਲਾਫ਼ ਨਸਲੀ ਨਫ਼ਰਤ ਫੈਲਾਉਣ ਲਈ ਚਲ ਰਹੀ ਮੀਡੀਆ ਦੀ ਮੁਹਿੰਮ ਨੂੰ ਸਮਝਣ ਵਿੱਚ ਮਦਦ ਵੀ ਕੀਤੀ ਅਤੇ ਕੇ-ਮਾਰਟ ਵਰਗੇ ਸਟੋਰ ਨੂੰ ਇਸ ਗੱਲ ’ਤੇ ਰਾਜ਼ੀ ਕਰ ਲਿਆ  ਕਿ ਉਹ ਆਪਣੇ ਸਟੋਰ ਤੋਂ ਅਸਲਾ ਨਹੀਂ ਵੇਚਣਗੇ। ਇੱਕ ਪਾਸੇ ਮਾਈਕਲ ਮੂਰ ਦਾ ਸਿਨਮਾ ਹੈ ਤੇ ਦੂਜੇ ਪਾਸੇ ਅਮਰੀਕਾ ਦਾ ਹੌਲੀਵੁਡ ਸਿਨਮਾ ਜਿਸ ਦੀ ਮਦਦ ਨਾਲ ਇਹ ਬੰਦੂਕ-ਸਭਿਆਚਾਰ ਪੱਕੇ ਪੈਰੀਂ ਖੜਾ ਹੋਇਆ ਹੈ। ਆਰਨਲਡ ਸ਼ਵਾਜ਼ਨੇਗਰ, ਸਿਲਵੈਸਟਰ ਸਟੈਲੋਨ, ਬਰੂਸ ਵਿਲੀਸ ਤੇ ਅਨੇਕਾਂ ਹੋਰ ਅਜਿਹੇ ਸਿਤਾਰੇ ਹਨ ਜਿਨ੍ਹਾਂ ਦੇ ਬਾਰੇ ਬੰਦੂਕ ਤੇ ਹਿੰਸਾ ਤੋਂ ਬਗ਼ੈਰ ਫਿਲਮ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਸਮਾਜ ਵਿੱਚ ਆਏ ਵਿਗਾੜ ਨੂੰ ਸਮਾਜ ਆਪ ਹੀ ਬਦਲ ਲੈਂਦਾ ਹੈ। ਇਹਦੀ ਸਭ ਤੋਂ ਵਧੀਆ ਉਦਾਹਰਣ ਆਈਸਲੈਂਡ ਹੈ। ਉਥੇ ਨਾ ਹੀ ਬੰਦੂਕ ਨਾਂ ਦੀ ਕੋਈ ਸ਼ੈਅ ਹੈ, ਤੇ ਨਾ ਹੀ ਬੰਦੂਕ-ਹਿੰਸਾ ਦੀ ਕੋਈ ਵਾਰਦਾਤ ਹੁੰਦੀ ਹੈ। ਪਰ ਅਮਰੀਕਾ ਵਿੱਚ ਕੁਝ ਜਥੇਬੰਦੀਆਂ ਹਨ ਜੋ ਸਰਕਾਰ ਦੇ ਸਾਹਮਣੇ ਤਾਕਤਵਰ ਨਾਗਰਿਕ ਭਾਈਚਾਰੇ ਦੀਆਂ ਹਮਾਇਤੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਤਾਕਤ ਤੇ ਆਜ਼ਾਦੀ ਦਾ ਅਹਿਸਾਸ ਉਨ੍ਹਾਂ ਨੂੰ ਹਥਿਆਰ ਰੱਖਣ ਦੀ ਖੁੱਲ੍ਹ ਤੋਂ ਹੀ ਮਿਲਦਾ ਹੈ। ਨੈਸ਼ਨਲ ਰਾਈਫਲ ਐਸੋਸੀਏਸ਼ਨ (ਐਨਆਰਏ) ਵੀ ਅਜਿਹੀ ਹੀ ਇੱਕ ਜਥੇਬੰਦੀ ਹੈ ਜੋ 1871 ਵਿੱਚ ਅਮਰੀਕਾ ਵਿੱਚ ਹੋਏ ਗ੍ਰਹਿ ਯੁੱਧ ਦੇ ਬਾਅਦ ਬਣੀ ਸੀ। ਅੱਜ ਇਹ ਬਹੁਤ ਸ਼ਕਤੀਸ਼ਾਲੀ ਜਥੇਬੰਦੀ ਹੈ। ਤਕਰੀਬਨ 50 ਲੱਖ ਅਮਰੀਕੀ ਇਹਦੇ ਮੈਂਬਰ ਹਨ। ਅਜਿਹੀਆਂ ਹੋਰ ਕਈ ਜਥੇਬੰਦੀਆਂ  ਇਸ ਨਾਲ ਜੁੜੀਆਂ ਹੋਈਆਂ ਹਨ। ਇਹ ਦੇਖਣਾ  ਦਿਲਚਸਪ ਹੋਏਗਾ ਕਿ ਉਨ੍ਹਾਂ ਦੀ ਆਪਣੀ ਜਿੱਤ ਨੂੰ 59 ਲੱਖ ਡਾਲਰ ਖ਼ਰਚ ਕੇ ਯਕੀਨੀ ਬਨਾਉਣ ਵਾਲੀ ਐਨਆਰਏ ਖਿਲਾਫ਼ ਹਥਿਆਰਾਂ ’ਤੇ ਪਾਬੰਦੀ ਡੋਨਲਡ ਟਰੰਪ ਕਿਵੇਂ ਲਾਉਂਦਾ ਹੈ?

ਦੇਵੇਂਦ੍ਰ ਪਾਲ*  ਸੰਪਰਕ: 95305-14520